ਦਰਜਾ ਚਾਰ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੈਲੀ
ਮੁਲਾਜ਼ਮਾਂ ਦੀਆਂ ਦੂਰ-ਦੁਰਾਡੇ ਬਦਲੀਆਂ ਦਾ ਵਿਰੋਧ; ਜਲ ਸਰੋਤ ਮੰਤਰੀ ਦੇ ਹਲਕੇ ’ਚ ਝੰਡਾ ਮਾਰਚ ਦਾ ਐਲਾਨ
Advertisement
ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਦਰਜਾ ਚਾਰ ਮੁਲਾਜ਼ਮਾਂ ਨੇ ਮਰਹੂਮ ਕਾਮਰੇਡ ਰਣਬੀਰ ਢਿੱਲੋਂ ਦੀ ਯਾਦ ਵਿੱਚ ਰੈਲੀ ਅਤੇ ਮਾਰਚ ਕੀਤਾ। ਸੈਂਕੜਿਆਂ ਦੀ ਗਿਣਤੀ ਵਿੱਚ ਦਰਜਾ ਚਾਰ ਮੁਲਾਜ਼ਮ (ਬੇਲਦਾਰ) ਦੀਆਂ ਬਦਲੀਆਂ ਦੂਰ-ਦੁਰਾਡੇ ਕਰਨ ਵਿਰੁੱਧ ਇਹ ਰੈਲੀ ਜਲ ਸਰੋਤ ਵਿਭਾਗ ਦੇ ਭਾਖੜਾ ਮੇਨ ਸਰਕਲ ਦੇ ਮੁੱਖ ਗੇਟ ਅੱਗੇ ਕੀਤੀ ਗਈ। ਇਸ ਮੌਕੇ ਮੁਲਾਜ਼ਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੌਲੱਖਾ, ਸੂਰਜ ਪਾਲ ਯਾਦਵ, ਨਾਰੰਗ ਸਿੰਘ, ਪ੍ਰੀਤਮ ਚੰਦ ਠਾਕੁਰ ਤੇ ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਜਲ ਸਰੋਤ ਵਿਚ ਬਦਲੀਆਂ ਰੱਦ ਕਰਵਾਉਣ ਤੇ ਮੰਗਾਂ ਮਨਵਾਉਣ ਲਈ 7 ਅਗਸਤ ਨੂੰ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੇ ਹਲਕੇ ਵਿੱਚ ਰੈਲੀ ਕਰਕੇ ਸ਼ਹਿਰ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ। ਇਸ ਮਗਰੋਂ ਜਲ ਸਰੋਤ ਦਫ਼ਤਰ ਤੋਂ ਵਣ ਵਿਭਾਗ ਦੇ ਦਫ਼ਤਰ ਰੋਸ ਮਾਰਚ ਤੱਕ ਕੀਤਾ ਗਿਆ। ਇਸ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਵਣ ਵਿਭਾਗਾਂ ਦੇ ਦਿਹਾੜੀਦਾਰ ਕਰਮੀਆਂ ਨੂੰ ਰੈਗੂਲਰ ਕਰਨ ਵਿੱਚ ਵਿਭਾਗ ਨੇ ਸੀਨੀਅਰ ਕਾਮਿਆਂ ਨੂੰ ਅੱਖੋਂ ਓਹਲੇ ਕੀਤਾ ਹੈ ਤੇ ਇਸ ਵਿੱਚ ਭਾਈ ਭਤੀਜਾਵਾਦ ਨੂੰ ਪਹਿਲ ਦਿੱਤੀ ਗਈ ਹੈ। ਅੱਜ ਦੇ ਇਕੱਠ ਨੇ ਮੁਲਾਜ਼ਮ ਅੰਦੋਲਨਾਂ ਦੇ ਬਾਨੀ ਕਾਮਰੇਡ ਰਣਬੀਰ ਸਿੰਘ ਢਿੱਲੋਂ ਦੀ ਪਹਿਲੀ ਬਰਸੀ ’ਤੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਮੁਲਾਜ਼ਮਾਂ-ਪੈਨਸ਼ਨਰਾਂ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਲਈ ਆਪਣਾ ਰਵਾਇਤੀ ਐਕਸ਼ਨ 15 ਅਗਸਤ ਨੂੰ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਭੁੱਖ ਹੜਤਾਲ ਕਰਨ ਉਪਰੰਤ ਝੰਡਾ ਮਾਰਚ ਕਰੇਗੀ ਤੇ ਮੰਗਾਂ ਦਾ ਯਾਦ ਪੱਤਰ ਮੁੱਖ ਮੰਤਰੀ, ਵਿੱਤ ਮੰਤਰੀ ਤੇ ਮੁੱਖ ਸਕੱਤਰ ਨੂੰ ਭਿਜਵਾਇਆ ਜਾਵੇਗਾ। ਇਸ ਮੌਕੇ ਕੁਲਦੀਪ ਸਕਰਾਲੀ, ਹਰੀ ਰਾਮ ਨਿੱਕਾ, ਕਾਕਾ ਸਿੰਘ, ਤਰਲੋਚਨ ਮਾੜੂ, ਕੁਲਦੀਪ ਸਿੰਘ ਰਾਇਵਾਲ, ਤਰਲੋਚਨ ਮੰਡੋਲੀ ਤੇ ਦਰਸ਼ਨ ਮੱਲੋਵਾਲ ਆਦਿ ਹਾਜ਼ਰ ਸਨ।
Advertisement
Advertisement