DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜਪੁਰਾ: ਕੌਮੀ ਮਾਰਗ ’ਤੇ ਡੂੰਘੇ ਟੋਇਆਂ ਕਾਰਨ ਲੋਕ ਔਖੇ

ਨਿੱਤ ਵਾਪਰ ਰਹੇ ਨੇ ਹਾਦਸੇ; ਨਿਰਮਾਣ ਅਧੀਨ ਅੰਡਰਪਾਸ ਕਾਰਨ ਲੱਗਦਾ ਹੈ ਜਾਮ
  • fb
  • twitter
  • whatsapp
  • whatsapp
featured-img featured-img
ਟੋਏ ਵਿੱਚ ਡਿੱਗੇ ਈ-ਰਿਕਸ਼ਾ ਨੂੰ ਕੱਢਦੇ ਹੋਏ ਲੋਕ।
Advertisement

ਇੱਥੇ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ-44 ’ਤੇ ਨਲਾਸ ਰੋਡ ਦੇ ਨੇੜੇ ਬਣ ਰਹੇ ਅੰਡਰਪਾਸ ਕਾਰਨ ਪੁਲ ਦੇ ਦੋਵੇਂ ਪਾਸੇ ਦੀ ਸਰਵਿਸ ਲੇਨ ਦੀ ਹਾਲਤ ਖਸਤਾ ਹੈ। ਸੜਕ ’ਤੇ ਡੂੰਘੇ ਟੋਏ ਪੈਣ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ ਤੇ ਲੋਕ ਰੋਜ਼ਾਨਾ ਲੱਗਦੇ ਜਾਮ ਤੋਂ ਵੀ ਪ੍ਰੇਸ਼ਾਨ ਹਨ। ਮੀਂਹ ਪੈਣ ਮਗਰੋਂ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ। ਜਾਣਕਾਰੀ ਅਨੁਸਾਰ ਅੱਜ ਈਗਲ ਮੋਟਲ ਹੋਟਲ ਨੇੜੇ ਟੋਇਆਂ ਵਿੱਚ ਇਕ ਰਿਕਸ਼ਾ ਪਲਟ ਗਿਆ। ਇਸ ਤੋਂ ਇਲਾਵਾ ਨਲਾਸ ਕੱਟ ਤੋਂ ਅੱਗੇ ਲੋਕਾਂ ਦੇ ਵਾਹਨ ਪਾਣੀ ਨਾਲ ਭਰੇ ਟੋਇਆਂ ਵਿੱਚ ਫਸ ਗਏ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ। ਟੋਇਆਂ ਵਿੱਚ ਵਾਹਨ ਫਸਣ ਕਾਰਨ ਪਿੱਛੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਸਥਾਨਕ ਲੋਕਾਂ ਨੇ ਦੱਸਿਆ ਕਿ ਪੁਲ ਦੀ ਤਿਆਰੀ ਤੋਂ ਬਾਅਦ ਮਿੱਟੀ ਪਾਉਣ ਅਤੇ ਲੈਵਲਿੰਗ ਦਾ ਕੰਮ ਅਧੂਰਾ ਛੱਡ ਦਿੱਤਾ ਹੈ। ਮੀਂਹ ਪੈਣ ਕਾਰਨ ਟੋਇਆਂ ਵਿੱਚ ਪਾਣੀ ਭਰ ਜਾਂਦਾ ਹੈ ਤੇ ਲੋਕ ਖੱਡਿਆਂ ਵਿਚ ਡਿੱਗ ਜਾਂਦੇ ਹਨ। ਕੁਝ ਦੋਪਹੀਆ ਸਵਾਰ ਤਾਂ ਫਿਸਲਕੇ ਡਿੱਗ ਵੀ ਗਏ, ਹਾਲਾਂਕਿ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਟੋਇਆਂ ਵਿੱਚ ਵਾਹਨਾਂ ਦੇ ਫਸਣ ਨਾਲ ਆਵਾਜਾਈ ਵਿਚ ਵਿਘਨ ਪੈਂਦਾ ਹੈ ਅਤੇ ਰਾਜਪੁਰਾ ਵਿੱਚ ਸਰਹਿੰਦ-ਬਾਈਪਾਸ ਤੋਂ ਈਗਲ ਮੋਟਲ, ਫੁਆਰਾ ਚੌਕ ਤੋਂ ਸ਼ਾਮਦੋ ਪਿੰਡ ਵਾਲੇ ਚੌਕ (ਚੰਡੀਗੜ੍ਹ ਵਾਲੇ ਪਾਸੇ) ਤੱਕ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਦੋ ਕਿੱਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਲਗਭਗ ਇਕ ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਪੁਰਾਣਾ ਅਤੇ ਨਵਾਂ ਅੰਡਰ ਪਾਸ ਪਾਣੀ ਨਾਲ ਭਰਨ ਕਾਰਨ ਰਾਹਗੀਰਾਂ ਲਈ ਇਕ ਮਾਤਰ ਇਹੀ ਰਸਤਾ ਰਾਜਪੁਰਾ ਨੂੰ ਪਾਰ ਕਰਨ ਲਈ ਬਚਦਾ ਹੈ ਜਿਸ ਕਾਰਨ ਸ਼ਾਮ ਵੇਲ਼ੇ ਵੱਡੇ ਵੱਡੇ ਜਾਮ ਲੱਗਣੇ ਰਾਜਪੁਰਾ ਲਈ ਆਮ ਗੱਲ ਬਣ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿੱਕਤਾਂ ਕਾਰਨ ਸਕੂਲੀ ਬੱਚਿਆਂ, ਨੌਕਰੀਆਂ ’ਤੇ ਜਾਣ ਵਾਲ਼ੇ ਲੋਕਾਂ ਅਤੇ ਐਂਬੂਲੈਂਸਾਂ ਨੂੰ ਸਮੇਂ ਸਿਰ ਆਪਣੀ ਮੰਜ਼ਿਲ ’ਤੇ ਪਹੁੰਚਣ ਵਿਚ ਮੁਸ਼ਕਲ ਆ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਸਬੰਧਤ ਵਿਭਾਗ ਰਾਜਪੁਰਾ ਵਾਸੀਆਂ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣ, ਪੁਲਾਂ ਦੇ ਆਲ਼ੇ ਦੁਆਲੇ ਸਰਵਿਸ ਲੇਨ ਦੀ ਮੁਰੰਮਤ ਕਰਵਾਈ ਜਾਵੇ। ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਲੋਕ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀ ਵਿਸ਼ਾਲ ਕੁਮਾਰ ਨੇ ਕਿਹਾ ਕਿ ਇਸ ਪੁਲੇ ਦੇ ਆਲ਼ੇ ਦੁਆਲੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਨੇ ਗਟਕਾ ਪਾਇਆ ਸੀ ਜੋ ਕਿ ਬਰਸਾਤ ਕਾਰਨ ਰੁੜ੍ਹ ਗਿਆ ਹੈ।

ਸਮੱਸਿਆ ਦੇ ਹੱਲ ਲਈ ਯਤਨ ਕਰਾਂਗੇ: ਐੱਸਡੀਐੱਮ

ਐੱਸਡੀਐੱਮ ਨੇ ਦੱਸਿਆ ਕਿ ਲਗਭਗ ਇਕ ਹਫ਼ਤਾ ਪਹਿਲਾਂ ਉਨ੍ਹਾਂ ਨੇ ਐੱਨਐੱਚਏਆਈ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਅਤੇ ਸਮੱਸਿਆ ਦੇ ਹੱਲ ਲਈ ਕਿਹਾ ਸੀ। ਉਨ੍ਹਾਂ ਨੇ ਪੁਲ਼ ਦੇ ਆਲ਼ੇ ਦੁਆਲ਼ੇ ਮਿੱਟੀ ਪਾਈ ਸੀ ਪਰ ਭਾਰੀ ਮੀਂਹ ਕਾਰਨ ਇਹ ਮਿੱਟੀ ਰੁੜ੍ਹ ਗਈ ਹੈ। ਉਨ੍ਹਾਂ ਕਿਹਾ ਕਿ ਉਹ ਸਮੱਸਿਆ ਦੇ ਹੱਲ ਲਈ ਗੰਭੀਰ ਯਤਨ ਕਰਨਗੇ।

Advertisement
Advertisement
×