ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਮਾਰਚ
ਸ਼ਹਿਰ ਪਟਿਆਲਾ ਦੇ ਸੁੰਦਰੀਕਰਨ ਨੂੰ ਕਦੇ ਚਾਰ ਚੰਨ ਲਾਉਣ ਵਾਲੀ ਵਿਰਾਸਤੀ ਰਾਜਿੰਦਰਾ ਝੀਲ ਕਰੀਬ 12 ਕਰੋੜ ਰੁਪਏ ਖ਼ਰਚਣ ਦੇ ਬਾਵਜੂਦ ਤਰਸਯੋਗ ਹਾਲਤ ’ਚ ਹੈ। ਸਾਲ 2014 ਤੋਂ ਇਸ ਝੀਲ ਦੇ ਸੁੰਦਰੀਕਰਨ ਤੇ ਸਰਕਾਰਾਂ ਪਟਿਆਲਾ ਦੇ ਲੋਕਾਂ ਨੂੰ ਬੁੱਧੂ ਬਣਾ ਰਹੀਆਂ ਹਨ। ਸਾਲ 2002 ਤੋਂ 2007 ਤੱਕ ਕੈਪਟਨ ਸਰਕਾਰ ਵੇਲੇ ਵੀ ਇਸ ਝੀਲ ਦੇ ਸੁੰਦਰੀਕਰਨ ਦੇ ਬਿਆਨ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਸਨ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਵੀ ਇਸ ਝੀਲ ਨੂੰ ਸੁੰਦਰ ਬਣਾਉਣ ਲਈ ਫ਼ੰਡ ਰੱਖਣ ਦਾ ਐਲਾਨ ਕੀਤਾ, ਬੀਬੀ ਪ੍ਰਨੀਤ ਕੌਰ ਨੇ ਵੀ ਐੱਮਪੀ ਰਹਿੰਦਿਆਂ ਇਸ ਝੀਲ ਦੇ ਸੁੰਦਰੀਕਰਨ ਲਈ ਇਸ ਦਾ ਕਈ ਵਾਰੀ ਦੌਰਾ ਕੀਤਾ ਤੇ ਸੁੰਦਰੀਕਰਨ ਦੇ ਬਿਆਨ ਦਿੱਤੇ ਸਨ।
ਸਾਲ 2020 ਵਿੱਚ ਇਸ ਝੀਲ ਲਈ 5.04 ਕਰੋੜ ਦਾ ਪ੍ਰਾਜੈਕਟ ਬਣਾਇਆ ਗਿਆ ਜੋ 2022 ਤੱਕ ਪੁੱਜਦਿਆਂ ਕਰੀਬ 11 ਕਰੋੜ ਦਾ ਬਣ ਗਿਆ, ਇਸ ਤੋਂ ਇਲਾਵਾ ਇੱਥੇ ਹੋਰ ਵੀ ਰੁਪਏ ਖ਼ਰਚਣ ਦੇ ਬਿਆਨ ਦਿੱਤੇ ਗਏ ਪਰ ਕਰੀਬ 12 ਕਰੋੜ ਦੇ ਖ਼ਰਚੇ ਤੋਂ ਬਾਅਦ ਅੱਜ ਵੀ ਇਸ ਝੀਲ ਦੇ ਸੁੰਦਰੀਕਰਨ ਦਾ ਕੋਈ ਅਸਰ ਨਹੀਂ ਹੈ। ਇਸ ਝੀਲ ਨੂੰ ਬਣਾਉਣ ਲਈ ਪਟਿਆਲਾ ਡਿਵੈਲਪਮੈਂਟ ਅਥਾਰਿਟੀ, ਡਰੇਨੇਜ਼ ਵਿਭਾਗ ਤੇ ਲੋਕ ਨਿਰਮਾਣ ਵਿਭਾਗ (ਸੜਕਾਂ ਤੇ ਭਵਨ ਉਸਾਰੀ) ਵੱਲੋਂ ਸਾਂਝੇ ਤੌਰ ਕੰਮ ਕੀਤਾ ਗਿਆ ਸੀ, ਪਰ ਹੁਣ ਕੋਈ ਵੀ ਵਿਭਾਗ ਇਸ ਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ।
ਝੀਲ ਵਿੱਚ ਹੋਣ ਵਾਲੇ ਕੰਮਾਂ ਵਿੱਚੋਂ 2 ਕਰੋੜ 52 ਲੱਖ ਰੁਪਏ ਨਾਲ ਝੀਲ ਦੀ ਸਫ਼ਾਈ ਸਮੇਤ ਝੀਲ ਦੇ ਆਲੇ- ਦੁਆਲੇ ਦੀਆਂ ਸੜਕਾਂ ਨੂੰ ਚੌੜਾ ਅਤੇ ਮਜ਼ਬੂਤ ਕਰਨਾ ਅਤੇ ਇਨ੍ਹਾਂ ਨਾਲ ਫੁੱਟਪਾਥ ਦੀ ਉਸਾਰੀ ਦਾ ਕੰਮ ਕਰਨਾ ਸੀ। ਇਸੇ ਤਰ੍ਹਾਂ 1 ਕਰੋੜ 19 ਲੱਖ ਰੁਪਏ ਦੀ ਲਾਗਤ ਨਾਲ ਝੀਲ ਵਿੱਚ ਫੁਹਾਰੇ ਅਤੇ ਪੰਪ ਹਾਊਸ ਲਗਾਉਣੇ ਸਨ, 83 ਲੱਖ ਰੁਪਏ ਨਾਲ ਬਿਜਲੀ ਦਾ ਕੰਮ ਕਰਨਾ ਸੀ, ਫੁੱਟਪਾਥ ਦੇ ਨਾਲ ਨਾਲ ਹੈਰੀਟੇਜ ਲਾਈਟਾਂ ਤੇ 31 ਲੱਖ ਰੁਪਏ ਨਾਲ ਝੀਲ ਦੀ ਲੈਂਡ ਸਕੇਪਿੰਗ ਅਤੇ ਸਜਾਵਟੀ ਬੂਟੇ ਲਗਾਉਣ ਦਾ ਕੰਮ ਕੀਤਾ ਜਾਣਾ ਸੀ। ਇਹ ਸਾਰੇ ਰੁਪਏ ਲਗਾ ਦਿੱਤੇ ਗਏ ਹਨ ਪਰ ਅਜੇ ਤੱਕ ਝੀਲ ਉਸੇ ਤਰ੍ਹਾਂ ਹੈ।
ਝੀਲ ’ਤੇ ਲੱਗੇ ਕਰੋੜਾਂ ਰੁਪਿਆਂ ਦੀ ਜਾਂਚ ਕਰਾਵਾਂਗੇ: ਮੇਅਰ ਗੋਗੀਆ
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਸ ਝੀਲ ਵਿੱਚ ਖ਼ਰਚੇ ਗਏ ਰੁਪਿਆਂ ਬਾਰੇ ਜਾਂਚ ਕਰਾਉਣੀ ਜ਼ਰੂਰੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਆਖ਼ਿਰ ਹੁਣ ਤੱਕ ਕੰਮ ਮੁਕੰਮਲ ਕਿਉਂ ਨਹੀਂ ਹੋਇਆ। ਇਹ ਝੀਲ ਪਟਿਆਲਾ ਦੀ ਸ਼ਾਨ ਜ਼ਰੂਰ ਬਣੇਗੀ।