ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਜੂਨ
ਜ਼ਿਲ੍ਹਾ ਪਟਿਆਲਾ ’ਚ ਅੱਜ ਸਵੇਰੇ ਮੀਂਹ ਪਿਆ, ਜਿਸ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਬਿਜਲੀ ਦੀ ਖਪਤ ਵਿੱਚ ਵੀ ਕਮੀ ਦਰਜ ਕੀਤੀ ਗਈ। ਅੱਜ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਜਦਕਿ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਹੁੰਮਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਜਿੱਥੇ ਕੱਲ੍ਹ ਰੁਕ-ਰੁਕ ਮੀਂਹ ਪੈਂਦਾ ਰਿਹਾ, ਉੱਥੇ ਸਵੇਰੇ ਭਰਵਾਂ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਪਟਿਆਲਾ ਜ਼ਿਲ੍ਹੇ ਅੰਦਰ ਮਾਨਸੂਨ ਦੀ ਆਮਦ ਨਾਲ ਮੀਂਹ ਪਿਆ। ਮੀਂਹ ਕਾਰਨ ਦਿਹਾਤੀ ਖੇਤਰਾਂ ਸਮੇਤ ਸ਼ਾਹੀ ਸ਼ਹਿਰ ਪਟਿਆਲਾ ਦੇ ਵੀ ਕਈ ਇਲਾਕਿਆਂ ’ਚ ਨੀਵੀਂਆਂ ਥਾਵਾਂ ’ਤੇ ਪਾਣੀ ਭਰਿਆ ਰਿਹਾ। ਮੀਂਹ ਕਾਰਨ ਜਿੱਥੇ ਝੋਨੇ ਦੀ ਫ਼ਸਲ ਨੂੰ ਕਾਫ਼ੀ ਲਾਭ ਪੁੱਜਾ, ਉੱਥੇ ਹੀ ਸਬਜ਼ੀਆਂ ਤੇ ਗੰਨੇ ਦੀ ਫ਼ਸਲ ਨੂੰ ਵੀ ਕਾਫ਼ੀ ਲਾਭ ਪੁੱਜਾ ਹੈ। ਹੁੰਮਸ ਭਰੀ ਗਰਮੀ ਦੌਰਾਨ ਹਵਾ ਵਿੱਚ ਨਮੀ ਕਾਰਨ ਚਿਪਚਿਪਾਹਟ ਵਧ ਗਈ, ਜਿਸ ਕਰਕੇ ਘਰਾਂ ਅੰਦਰ ਹੁੰਮਸ ਕਾਰਨ ਗਰਮੀ ਮਹਿਸੂਸ ਹੋ ਰਹੀ ਸੀ। ਬੀਤੇ ਦਿਨ ਬਿਜਲੀ ਦੀ ਮੰਗ 16700 ਮੈਗਾਵਾਟ ’ਤੇ ਪੁੱਜ ਗਈ ਸੀ ਜੋ ਅੱਜ ਘਟ ਕੇ 15000 ਮੈਗਾਵਾਟ ਤੋਂ ਵੀ ਘਟ ਗਈ ਹੈ।
ਡੀਸੀ ਵੱਲੋਂ ਛੋਟੀ ਅਤੇ ਵੱਡੀ ਨਦੀ ਦਾ ਦੌਰਾ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਪਟਿਆਲਾ ਦੀ ਛੋਟੀ ਤੇ ਵੱਡੀ ਨਦੀ ਦਾ ਦੌਰਾ ਕਰ ਕੇ ਡਰੇਨੇਜ਼ ਵਿਭਾਗ ਵੱਲੋਂ ਕੀਤੇ ਜਾ ਰਹੇ ਹੜ੍ਹ ਰੋਕੂ ਕੰਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਡਰੇਨੇਜ਼ ਵਿਭਾਗ ਦੇ ਨਿਗਰਾਨ ਇੰਜਨੀਅਰ ਰਜਿੰਦਰ ਘਈ, ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਡਾ. ਪ੍ਰੀਤੀ ਯਾਦਵ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੇ ਲਗਾਤਾਰ ਰੋਜ਼ਾਨਾ ਨਦੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪਟਿਆਲਾ ਵਿੱਚ ਅਜਿਹੀ ਕੋਈ ਡਰਨ ਵਾਲੀ ਸਥਿਤੀ ਨਹੀਂ ਹੈ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਹੜ੍ਹਾਂ ਦੀ ਰੋਕਥਾਮ ਸਬੰਧੀ ਜਲ ਨਿਕਾਸ ਤੇ ਹੋਰ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਅਗਾਊਂ ਪ੍ਰਬੰਧ ਪੁਖ਼ਤਾ ਕਰਨ ਦੀਆਂ ਹਦਾਇਤਾਂ ਚਾਰ ਮਹੀਨੇ ਪਹਿਲਾਂ ਹੀ ਦੇ ਦਿੱਤੀਆਂ ਗਈਆਂ ਸਨ ਤੇ ਵਿਭਾਗ ਵੱਲੋਂ ਡਰੋਨ ਨਾਲ ਸਰਵੇ ਕਰਕੇ ਨਦੀਆਂ ਦੇ ਸੰਵੇਦਨਸ਼ੀਲ ਸਥਾਨਾਂ ਦਾ ਮੁਲਾਂਕਣ ਕਰ ਕੇ ਸਫ਼ਾਈ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਹੜ੍ਹ ਰੋਕੂ ਪ੍ਰਬੰਧਾਂ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਵੀ ਮਿਲੀ ਫੀਡ ਬੈਕ ਅਨੁਸਾਰ ਵੀ ਵਿਭਾਗ ਵੱਲੋਂ ਲੋੜੀਂਦਾ ਕੰਮ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰੇਨੇਜ ਵਿਭਾਗ ਕੋਲ ਲੋੜੀਂਦੀਆਂ ਥਾਵਾਂ ’ਤੇ ਮਸ਼ੀਨਰੀ ਵੀ ਉਪਲਬੱਧ ਹੈ ਤੇ ਵਿਭਾਗ ਕੋਲ ਅੱਜ ਹੋਰ ਮਸ਼ੀਨਰੀ ਵੀ ਆ ਗਈ ਹੈ, ਜੋ ਢੁਕਵੇਂ ਸਥਾਨਾਂ ’ਤੇ ਲਗਾਈ ਜਾ ਰਹੀ ਹੈ।