ਰਾਇਮਲ ਮਾਜਰੀ ਵਾਸੀਆਂ ਨੇ ਭਾਦਸੋਂ-ਪਟਿਆਲਾ ਸੜਕ ’ਤੇ ਆਵਾਜਾਈ ਰੋਕੀ
ਇੱਥੇ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦੇ ਕੇ ਪਿੰਡ ਰਾਇਮਲ ਮਾਜਰੀ ਦਾ ਤਿੰਨ ਰੋਜ਼ਾ ਕਬੱਡੀ ਖੇਡ ਮੇਲਾ ਵਿਚਾਲੇ ਰੁਕਵਾ ਦਿੱਤਾ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਵਿਚਲੀ ਫੁੱਟ ਕਾਰਨ ਇਹ ਖੇਡ ਮੇਲਾ ਰੱਦ ਹੋਇਆ। ਮੇਲਾ ਰੱਦ ਹੋਣ ਕਾਰਨ ਪਿੰਡ ਵਾਸੀਆਂ ਨੇ ਭਾਦਸੋਂ ਪਟਿਆਲਾ ਸੜਕ ’ਤੇ ਧਰਨਾ ਵੀ ਲਾਇਆ। ਸਰਪੰਚ ਪ੍ਰਭਜੋਤ ਸਿੰਘ ਟਿਵਾਣਾ ਅਤੇ ‘ਆਪ’ ਦੇ ਯੂਥ ਵਿੰਗ ਦੇ ਆਗੂ ਤੇ ਸਪੋਰਟਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਹਰ ਸਾਲ ਗੂਗਾ ਨੌਮੀ ’ਤੇ ਪੰਚਾਇਤ ਵੱਲੋਂ ਤਿੰਨ ਰੋਜ਼ਾ ਖੇਡ ਮੇਲਾ ਕਰਵਾਇਆ ਜਾਂਦਾ ਹੈ ਤੇ ਉਨ੍ਹਾਂ ਇਸੇ ਲੜੀ ਤਹਿਤ ਪਹਿਲੀ ਅਗਸਤ ਨੂੰ ਪੋਸਟਰ ਜਾਰੀ ਕਰਕੇ 15 ਅਗਸਤ ਤੋਂ 17 ਅਗਸਤ ਤੱਕ ਖੇਡ ਮੇਲੇ ਦਾ ਐਲਾਨ ਕੀਤਾ ਸੀ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਸਾਬਕਾ ਮੀਡੀਆ ਸਲਾਹਕਾਰ ਬਲਤੇਜ ਪੰਨੂ ਸਨ ਤੇ ਪ੍ਰਧਾਨ ਨਾਭਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂਵਾਲਾ ਨੂੰ ਬਣਾਇਆ ਗਿਆ। ਕੁਝ ਦਿਨਾਂ ਬਾਅਦ ਸਾਬਕਾ ਸਰਪੰਚ ਦਲਜੀਤ ਸਿੰਘ ਟਿਵਾਣਾ ਨੇ ਉਸੇ ਥਾਂ ਅਤੇ ਉਹੀ ਤਰੀਕਾਂ ’ਚ ਖੇਡ ਮੇਲਾ ਕਰਵਾਉਣ ਦਾ ਐਲਾਨ ਕਰ ਦਿੱਤਾ ਤੇ ਇਸ ਮੇਲੇ ਦਾ ਪ੍ਰਧਾਨ ਵਿਧਾਇਕ ਦੇਵ ਮਾਨ ਨੂੰ ਲਿਖਦੇ ਹੋਏ ਪੋਸਟਰ ਜਾਰੀ ਕਰ ਦਿੱਤਾ। 6 ਅਗਸਤ ਨੂੰ ਵਿਧਾਇਕ ਨੇ ਆਪਣੇ ਫੇਸਬੁੱਕ ਖਾਤੇ ’ਤੇ ਸਾਬਕਾ ਸਰਪੰਚ ਵਾਲੇ ਪ੍ਰੋਗਰਾਮ ਦਾ ਪੋਸਟਰ ਵੀ ਸਾਂਝਾ ਕੀਤਾ। ਹਾਲਾਂਕਿ 11 ਅਗਸਤ ਨੂੰ ਐੱਸਡੀਐੱਮ ਨਾਭਾ ਨੇ ਮੌਜੂਦਾ ਪੰਚਾਇਤ ਅਤੇ ਸਪੋਰਟਸ ਕਲੱਬ ਦੀ ਜੁਲਾਈ ਮਹੀਨੇ ਦੀ ਅਰਜ਼ੀ ਪ੍ਰਵਾਨ ਕਰਦੇ ਹੋਏ ਪੰਚਾਇਤੀ ਗਰਾਊਂਡ ਵਿੱਚ ਪਹਿਲੀ ਧਿਰ ਨੂੰ ਖੇਡ ਮੇਲੇ ਦੀ ਮਨਜ਼ੂਰੀ ਦੇ ਦਿੱਤੀ।
ਸਰਪੰਚ ਨੇ ਦੱਸਿਆ ਕਿ 15 ਅਗਸਤ ਨੂੰ ਉਨ੍ਹਾਂ ਨੇ ਆਪਣਾ ਪ੍ਰੋਗਰਾਮ ਸ਼ੁਰੂ ਹੀ ਕੀਤਾ ਸੀ ਕਿ ਪੁਲੀਸ ਨੇ ਆਕੇ ਦੱਸਿਆ ਕਿ ਮਨਜ਼ੂਰੀ ਰੱਦ ਕਰ ਦਿੱਤੀ ਗਈ ਹੈ। ਇਸ ਮਗਰੋਂ ਧਰਨਾ ਲਗਾਉਂਦੇ ਹੋਏ ਸਰਪੰਚ, ਸਪੋਰਟ ਕਲੱਬ ਦੇ ਮੈਂਬਰਾਂ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਵਿਧਾਇਕ ’ਤੇ ਦਖ਼ਲਅੰਦਾਜ਼ੀ ਦੋਸ਼ ਲਗਾਏ ਗਏ। ਹਾਲਾਂਕਿ ਸਰਪੰਚ ਤੇ ਹੋਰਾਂ ਨੇ ਰੋਸ ਜਤਾਇਆ ਕਿ ਉਨ੍ਹਾਂ ਦੇ ਧਰਨੇ ਵਿੱਚ ਕੋਈ ਸਰਕਾਰੀ ਨੁਮਾਇੰਦਾ ਨਾ ਪਹੁੰਚਿਆ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੂੰ ਪ੍ਰੋਗਰਾਮ ’ਚ ਕਿਸੇ ਵਿਘਨ ਦਾ ਖਦਸ਼ਾ ਸੀ ਤਾਂ ਉਨ੍ਹਾਂ ਅਨਸਰਾਂ ਨੂੰ ਰੋਕਣ ਦੀ ਬਜਾਏ ਉਨ੍ਹਾਂ ਨੇ ਦਬਾਅ ਹੇਠ ਮੇਲਾ ਹੀ ਰੱਦ ਕਰਵਾ ਦਿੱਤਾ।
ਕਾਨੂੰਨ ਵਿਵਸਥਾ ਕਾਰਨ ਮੇਲਾ ਰੱਦ ਕੀਤਾ: ਅਧਿਕਾਰੀ
ਭਾਦਸੋਂ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਅਤੇ ਐੱਸਡੀਐੱਮ ਇਸਮਤ ਵਿਜੇ ਨੇ ਵਿਧਾਇਕ ਵੱਲੋਂ ਦਬਾਅ ਤੋਂ ਇਨਕਾਰ ਕਰਦੇ ਹੋਏ ਦੱਸਿਆ ਕਿ ਕਾਨੂੰਨ ਵਿਵਸਥਾ ਨੂੰ ਧਿਆਨ ’ਚ ਰੱਖਦੇ ਹੋਏ ਦੋਵੇਂ ਧਿਰਾਂ ਨੂੰ ਖੇਡ ਮੇਲਾ ਕਰਵਾਉਣ ਤੋਂ ਰੋਕਿਆ ਗਿਆ।
ਵਿਧਾਇਕ ਦੇ ਭਰਾ ਨੇ ਦਖ਼ਲ ਦੇ ਦੋਸ਼ ਨਕਾਰੇ
ਵਿਧਾਇਕ ਦੇਵ ਮਾਨ ਦੇ ਭਰਾ ਕਪਿਲ ਮਾਨ ਨੇ ਦੱਸਿਆ ਕਿ ਵਿਧਾਇਕ ਤਾਂ ਕਾਫੀ ਸਮੇਂ ਤੋਂ ਵਿਦੇਸ਼ ’ਚ ਹਨ। ਉਨ੍ਹਾਂ ਨੇ ਵਿਧਾਇਕ ਵੱਲੋਂ ਦਖਲਅੰਦਾਜ਼ੀ ਤੋਂ ਇਨਕਾਰ ਕਰਦੇ ਕਿਹਾ ਕਿ ਪਿੰਡ ਵਿੱਚ ਇਹ ਮੇਲਾ ਕਈ ਸਾਲਾਂ ਤੋਂ ਸਾਬਕਾ ਸਰਪੰਚ ਹੀ ਕਰਵਾਉਂਦੇ ਆ ਰਹੇ ਹਨ ਪਰ ਇਸ ਸਾਲ ਨਵੀਂ ਪੰਚਾਇਤ ਵੱਲੋਂ ਇਹ ਮੇਲਾ ਐਲਾਨਣ ਤੋਂ ਪੈਦਾ ਹੋਏ ਆਪਸੀ ਰੌਲੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਇਹ ਕਦਮ ਚੁੱਕਣਾ ਪਿਆ।