ਖੱਡਿਆਂ ਨਾਲ ਸਵਾਗਤ ਕਰਦਾ ਹੈ ਪੰਜਾਬ-ਹਰਿਆਣਾ ਰਾਜਮਾਰਗ
ਵਾਹਨਾਂ ਦਾ ਹੋ ਰਿਹੈ ਨੁਕਸਾਨ; ਰਾਹਗੀਰਾਂ ਨੂੰ ਮਜਬੂਰੀਵੱਸ ਕਰਨਾ ਪੈਂਦਾ ਸਫ਼ਰ
ਪੰਜਾਬ ਅਤੇ ਹਰਿਆਣਾ ਨੂੰ ਜੋੜਨ ਵਾਲਾ ਰਾਜ ਮਾਰਗ ਰਾਹਗੀਰਾਂ ਦਾ ਖੱਡਿਆਂ ਨਾਲ ਸਵਾਗਤ ਕਰ ਰਿਹਾ ਹੈ। ਜ਼ਿਲ੍ਹਾ ਪਟਿਆਲਾ ਨੂੰ ਰਾਜਧਾਨੀ ਦਿੱਲੀ ਨਾਲ ਜੋੜਨ ਵਾਲੇ ਮਾਰਗ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਮੁੱਖ ਸੜਕ ਉੱਤੇ ਡੇਢ ਤੋਂ ਦੋ ਫੁੱਟ ਡੂੰਘੇ ਟੋਏ ਬਣ ਚੁੱਕੇ ਹਨ। ਰਾਹਗੀਰਾ ਨੂੰ ਮਜਬੂਰੀ ਵੱਸ ਸਫ਼ਰ ਕਰਨਾ ਪੈ ਰਿਹਾ ਹੈ। ਸੜਕ ਵਿੱਚ ਬਣੇ ਖੱਡਿਆਂ ਕਾਰਨ ਸਫ਼ਰ ਕਰਨ ਵਾਲੇ ਲੋਕਾਂ ਦੇ ਵਾਹਨ ਨੁਕਸਾਨੇ ਜਾ ਰਹੇ ਹਨ। ਪੰਜਾਬ ਅਤੇ ਹਰਿਆਣਾ ਦੀ 25 ਕਿਲੋਮੀਟਰ ਸੜਕ ਵਿੱਚੋਂ 16 ਕਿਲੋਮੀਟਰ ਰਸਤਾ ਪੂਰੀ ਤਰ੍ਹਾਂ ਖੱਡਿਆਂ ਦਾ ਰੂਪ ਧਾਰਨ ਕਰ ਚੁੱਕਾ ਹੈ। ਵੀਹ ਮਿੰਟਾਂ ਦੇ ਰਸਤੇ ਨੂੰ ਤੈਅ ਕਰਨ ਲਈ ਇੱਕ ਘੰਟੇ ਦਾ ਸਮਾਂ ਬਰਬਾਦ ਹੋ ਰਿਹਾ ਹੈ। ਜਿਸ ਨਾਲ ਵਹੀਕਲਾਂ ਦੇ ਨੁਕਸਾਨ ਦੇ ਨਾਲ ਲੋਕਾਂ ਨੂੰ ਸਫ਼ਰ ਖਰਚਾ ਵੀ ਵੱਧ ਪੈ ਰਿਹਾ ਹੈ।
ਨਵੀਂ ਬਣੀ ਸੜਕ ਕੁੱਝ ਮਹੀਨਿਆਂ ’ਚ ਟੁੱਟਣੀ ਸ਼ੁਰੂ
2023 ਵਿੱਚ ਆਏ ਹੜ੍ਹਾਂ ਨਾਲ ਦੇਵੀਗੜ੍ਹ-ਪਿਹੋਵਾ ਮੁੱਖ ਮਾਰਗ ਦਾ ਕੁੱਝ ਹਿੱਸਾ ਪੂਰੀ ਤਰਾਂ ਪਾਣੀ ਵਿੱਚ ਰੁੜ੍ਹ ਗਿਆ ਸੀ, ਜਿਸ ਨੂੰ ਕੁੱਝ ਮਹੀਨੇ ਪਹਿਲਾਂ ਲੋਕ ਨਿਰਮਾਣ ਵਿਭਾਗ ਵੱਲੋਂ ਫਿਰ ਬਣਾਇਆ ਗਿਆ ਹੈ। ਪਰ ਸੜਕ ਦਾ ਹਿੱਸਾ ਦੁਬਾਰਾ ਟੁੱਟਣਾ ਸ਼ੁਰੂੁ ਹੋ ਗਿਆ ਹੈ। ਸੜਕ ਉੱਤੇ ਵਰਤਿਆ ਗਿਆ ਮਟੀਰੀਅਲ ਮਾੜੇ ਦਰਜੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਲੋਕ ਸਰਕਾਰ ਕੋਲੋਂ ਜਾਂਚ ਦੀ ਮੰਗ ਕਰ ਰਹੇ ਹਨ।
ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ: ਜੇ ਈ
ਪੀਡਬਲਿਊਡੀ ਦੇ ਜੇ ਈ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਸੜਕ ਨੂੰ ਪੈਚ ਲਗਵਾ ਕੇ ਜਲਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਇਸ ਸੜਕ ਉੱਤੇ ਪੱਥਰ ਪਾ ਕੇ ਡੀਵੀਐਮ ਦੀ ਪਹਿਲੀ ਲੇਅਰ ਪਾਈ ਹੈ ਦੂਜੀ ਹਾਲੇ ਬਾਕੀ ਹੈ। ਇਹ ਸੜਕ ਲੁੱਕ ਦੀ ਦੂਜੀ ਪਰਤ ਨਾ ਪੈਣ ਕਾਰਨ ਭਾਰੀ ਵਾਹਨਾਂ ਨਾਲ ਕੁਝ ਜਗ੍ਹਾ ਉੱਤੋਂ ਟੁੱਟੀ ਹੈ। ਇਸ ਰਾਜ ਮਾਰਗ ਨੂੰ ਨਵਾਂ ਬਣਾਉਣ ਦਾ ਕੰਮ ਅਗਲੇ ਮਹੀਨੇ ਤੱਕ ਸ਼ੁਰੂ ਹੋ ਜਾਵੇਗਾ।