ਕਿਸਾਨੀ ਮਸਲੇ ਨਜ਼ਰਅੰਦਾਜ਼ ਕਰਨ ਖ਼ਿਲਾਫ਼ ਡੀ ਸੀ ਦਫ਼ਤਰ ਘੇਰਿਆ
ਖੰਡਾ ਚੌਕ ’ਚ ਜਾਮ ਲੱਗਾ; ਕਿਸਾਨ ਰੋਹ ਅੱਗੇ ਝੁਕਦਿਆਂ ਆਖ਼ਰ ਉੱਚ ਅਧਿਕਾਰੀ ਨੂੰ ਮੀਟਿੰਗ ’ਚ ਆਉਣਾ ਹੀ ਪਿਆ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ’ਤੇ ਕਿਸਾਨਾਂ ਅਤੇ ਕਿਸਾਨੀ ਮਸਲਿਆਂ ਦੇ ਹੱਲ ਪ੍ਰ੍ਤੀ ਸੰਜੀਦਗੀ ਨਾ ਦਿਖਾਉਣ ਦੇ ਦੋਸ਼ ਲਾਉਂਦਿਆਂ ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੀ ਅਗਵਾਈ ਹੇਠ ਅੱਜ ਕਿਸਾਨਾਂ ਨੇ ਡੀ ਸੀ ਦਫ਼ਤਰ ਘਿਰਾਓ ਕੀਤਾ। ਇਸ ਦੌਰਾਨ ਜਦੋਂ ਢਾਈ ਘੰਟੇ ਚੱਲੇ ਇਸ ਧਰਨੇ ਮਗਰੋਂ ਵੀ ਡੀ ਸੀ ਮੀਟਿੰਗ ਲਈ ਤਿਆਰ ਨਾ ਹੋਏ ਤਾਂ ਕਿਸਾਨਾਂ ਨੇ ਡੀ ਸੀ ਦਫ਼ਤਰ ਮੂਹਰੋਂ ਲੰਘਦੀਆਂ ਦੋਵੇਂ ਹੀ ਸੜਕਾਂ ਘੇਰ ਲਈਆਂ। ਇਸ ਮਗਰੋਂ ਭਾਵੇਂ ਡੀ ਸੀ ਕਿਸਾਨਾਂ ਨਾਲ ਮੀਟਿੰਗ ਲਈ ਸਹਿਮਤ ਹੋ ਗਏ, ਪਰ ਜਦੋਂ ਉਨ੍ਹਾਂ ਦੀ ਥਾਂ ਏ ਡੀ ਸੀ ਮੀਟਿੰਗ ਦੀ ਪ੍ਰਧਾਨਗੀ ਕਰਨ ਲੱਗੇ ਤਾਂ ਕਿਸਾਨ ਆਗੂ ਮੁੜ ਭੜਕ ਗਏ ਅਤੇ ਨਾਅਰੇਬਾਜ਼ੀ ਕਰਦਿਆਂ ਬਾਈਕਾਟ ਕਰ ਕੇ ਬਾਹਰ ਆ ਗਏ।
ਫੇਰ ਕਿਸਾਨ ਵੱਡੇ ਕਾਫ਼ਲੇ ਦੇ ਰੂਪ ’ਚ ਡੀ ਸੀ ਦਫ਼ਤਰ ਤੋਂ ਮਾਰਚ ਕਰਦੇ ਹੋਏ ਕਿਲੋਮੀਟਰ ਦੇ ਫਾਸਲੇ ’ਤੇ ਸਥਿਤ ਖੰਡਾ ਚੌਕ ’ਚ ਜਾ ਪੁੱਜੇ ਤੇ ਇੱਥੇ ਧਰਨਾ ਦਿੰਦਿਆਂ ਚੁਫੇਰਾ ਜਾਮ ਲਾ ਦਿੱਤਾ। ਕੁਝ ਦੇਰ ਬਾਅਦ ਹੀ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਤੇ ਹੋਰ ਅਧਿਕਾਰੀਆਂ ਨੇ ਦਖਲ ਦਿੰਦਿਆਂ ਡੀ ਸੀ ਨਾਲ ਮੁੜ ਮੀਟਿੰਗ ਮੁਕੱਰਰ ਕਰਵਾਈ ਪਰ ਮੀਟਿੰਗ ਤੋਂ ਪਹਿਲਾਂ ਹੀ ਕੁਝ ਮੱਦਾਂ ’ਤੇ ਸਹਿਮਤੀ ਨਾ ਬਣਨ ਕਰਕੇ ਕਿਸਾਨਾਂ ਨੇ ਮੀਟਿੰਗ ’ਚ ਜਾਣ ਤੋਂ ਇਨਕਾਰ ਕਰ ਦਿੱਤਾ। ਅਖੀਰ ਦੇਰ ਸ਼ਾਮ ਮੁੜ ਮੁਕੱਰਰ ਹੋਈ ਮੀਟਿੰਗ ’ਚ ਆਖ਼ਰ ਡੀ ਸੀ ਨੂੰ ਵੀ ਆਉਣਾ ਹੀ ਪਿਆ ਜਿਸ ਦੌਰਾਨ ਕਈ ਕਿਸਾਨ ਮਸਲਿਆਂ ਅਤੇ ਮੰਗਾਂ ’ਤੇ ਸਹਿਮਤੀ ਬਣਨ ’ਤੇ ਦੇਰ ਸ਼ਾਮ ਨੂੰ ਖੰਡਾ ਚੌਕ ਤੋਂ ਧਰਨਾ ਚੁੱਕ ਦਿੱਤਾ ਗਿਆ। ਇਸ ਤਰ੍ਹਾਂ ਅੱਜ ਕਰੀਬ 7 ਘੰਟੇ ਕਿਸਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਕਾਫੀ ਗਹਿਮਾ ਗਹਿਮੀ ਹੁੰਦੀ ਰਹੀ।
ਉੱਧਰ ਡੀ ਸੀ ਦਫ਼ਤਰ ਦੇ ਇੱਕ ਬੁਲਾਰੇ ਦਾ ਕਹਿਣਾ ਸੀ ਕਿ ਅਚਾਨਕ ਹੀ ਵੀਡੀਓ ਕਾਨਫਰੰਸਿੰਗ ’ਤੇ ਚੰਡੀਗੜ੍ਹ ਤੋਂ ਮੀਟਿੰਗ ਆ ਜਾਣ ਕਰਕੇ ਹੀ ਡੀ ਸੀ ਮੈਡਮ ਨੂੰ ਮੀਟਿੰਗ ’ਚ ਆਉਣ ਤੋਂ ਦੇਰ ਹੋਈ, ਨਹੀਂ ਤਾਂ ਉਹ ਕਿਸਾਨਾਂ ਅਤੇ ਆਮ ਲੋਕਾਂ ਦੇ ਮਸਲਿਆਂ ਨੂੰ ਖੁਦ ਮੋਹਰੀ ਹੋ ਕੇ ਨਜਿੱਠਦੇ ਹਨ।
ਧਰਨੇ ਅਤੇ ਮੀਟਿੰਗ ਵਿੱਚ ਬਲਰਾਜ ਜੋਸ਼ੀ, ਇਕਬਾਲ ਮੰਡੌਲੀ, ਧਰਮਪਾਲ ਸੀਲ, ਹਰਭਜਨ ਬੁੱਟਰ, ਦਵਿੰਦਰ ਪੂਨੀਆ, ਜਸਵੀਰ ਖੇੜੀ, ਪਾਵਨ ਸ਼ੋਗਲਪੁਰ, ਜਗਪਾਲ ਊਧਾ, ਜਗਮੇਲ ਸਿੰਘ, ਰਾਜ ਕਿਸ਼ਨ, ਚਰਨਜੀਤ ਕੌਰ, ਗੁਰਮੀਤ ਛੱਜੂਭੱਟ, ਗੁਰਵਿੰਦਰ ਦੇਧਨਾ, ਗੁਰਬਚਨ ਸਿੰਘ, ਸੁੱਖਵਿੰਦਰ ਬਾਰਨ, ਹਰਭਜਨ ਧੂਹੜ੍ਹ, ਸੁਰਿੰਦਰ ਸਿੰਘ ਖ਼ਾਲਸਾ ਆਦਿ ਸ਼ਾਮਲ ਸਨ।
ਦੂਜੇ ਪਾਸੇ ਧਰਮਪਾਲ ਸੀਲ ਨੇ ਦੱਸਿਆ ਕਿ ਮੰਗਾਂ ਵਿੱਚ ਡੀ.ਏ.ਪੀ. ਖਾਦ ਦੀ ਸਪਲਾਈ ਯਕੀਨੀ ਬਣਾਉਣ, ਬੌਣੇ ਰੋਗ ਦਾ ਮੁਆਵਜ਼ਾ, ਘੱਗਰ ਅਤੇ ਨਦੀਆਂ ਦੀ ਸਫ਼ਾਈ, ਪਰਾਲੀ ਦੇ ਨਿਪਟਾਰੇ ਲਈ ਬੇਲਰ ਮੁਹੱਈਆ ਕਰਵਾਉਣ, ਬੇਰੰਗ ਹੋਏ ਦਾਣੇ ਦੀ ਬਿਨਾਂ ਘਾਟ ਖਰੀਦ, ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ, ਝੋਨੇ ਦੀ ਸਿੱਲ੍ਹ ਦੀ ਮਾਤਰਾ ਸਰਕਾਰੀ ਏਜੰਸੀ ਤੋਂ ਚੈੱਕ ਕਰਵਾਉਣ, ਪਿੰਡਾਂ ਦੀਆਂ ਮੰਡੀਆਂ ਨੂੰ ਇੱਕ ਦੀ ਬਜਾਏ ਸਾਰੇ ਸ਼ੈਲਰਾਂ ਦੀ ਖਰੀਦ ਲਈ ਖੁਲ੍ਹਵਾਉਣ ਅਤੇ ਨਸ਼ਿਆਂ ਦੇ ਝੂਠੇ ਮੁਕੱਦਮੇ ਬੰਦ ਕਰਵਾਉਣਾ ਆਦਿ ਸ਼ਾਮਲ ਹਨ। ਆਗੂ ਬਲਰਾਜ ਜੋਸ਼ੀ ਨੇ ਦੱਸਿਆ ਕਿ ਡੀ.ਸੀ. ਪਟਿਆਲਾ ਨਾਲ ਅਗਲੀ ਮੀਟਿੰਗ ਬੁੱਧਵਾਰ ਸਵੇਰੇ 9 ਵਜੇ ਰੱਖੀ ਗਈ ਹੈ ਜਿਸ ਵਿੱਚ ਵਿਸਥਾਰ ਨਾਲ ਵਿਚਾਰ-ਚਰਚਾ ਕਰਕੇ ਮਸਲਿਆਂ ਦਾ ਹੱਲ ਕੱਢਿਆ ਜਾਵੇਗਾ।
ਹੜ੍ਹਾਂ ਦੇ ਮੁਆਵਜ਼ੇ ਲਈ 12 ਕਰੋੜ ਵੰਡੇ: ਡੀ ਸੀ
ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਦੇ ਮੁਆਵਜ਼ੇ ਲਈ ਜ਼ਿਲ੍ਹਾ ਪਟਿਆਲਾ ਨੂੰ 34 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ ਵਿੱਚੋਂ 12 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ ਅਤੇ ਬਾਕੀ ਵੀ ਵੰਡੇ ਜਾਣਗੇ। ਸਰਕਾਰੀ ਰੈਗੂਲਰ ਤੋਂ ਝੋਨੇ ਵਿੱਚ ਬੌਣੇਪਣ ਸਬੰਧੀ 30,000 ਏਕੜ ਦੀ ਗਿਰਦਾਵਰੀ ਕੀਤੀ ਗਈ ਹੈ। ਡੀਏਪੀ ਦਾ 27% ਪਹੁੰਚ ਗਿਆ ਹੈ; ਨਾਭਾ ਅਤੇ ਰਾਜਪੁਰਾ ਵਿੱਚ ਰੇਲ ਗੱਡੀਆਂ ਵਿੱਚ ਹੋਰ ਡੀਏਪੀ ਪਹੁੰਚੇਗੀ।

