ਸਰਬਜੀਤ ਸਿੰਘ ਭੰਗੂਪਟਿਆਲਾ, 29 ਮਈਬੰਦੀ ਸਿੰਘਾਂ ਦੀ ਰਿਹਾਈ ਸਣੇ ਹੋਰ ਮੰਗਾਂ ਮਨਵਾਉਣ ਲਈ ਚੰਡੀਗੜ੍ਹ ਦੀ ਹੱਦ ’ਤੇ ਮੁਹਾਲੀ ਵਿੱਚ ਢਾਈ ਸਾਲ ਤੋਂ ਜਾਰੀ ‘ਕੌਮੀ ਇਨਸਾਫ਼ ਮੋਰਚੇ’ ਦੇ ਸੱਦੇ ’ਤੇ ਅੱਜ ਇਥੇ ਕਿਸਾਨਾ, ਮਜ਼ਦੂਰ, ਧਾਰਮਿਕ ਅਤੇ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ’ਤੇ ਆਧਾਰਿਤ ਕਾਫਲੇ ਨੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਤੋਂ ਡੀਸੀ ਦਫਤਰ ਤੱਕ ਰੋਸ ਮਾਰਚ ਕਰਕੇ ਰਾਸ਼ਟਰਪਤੀ ਅਤੇ ਰਾਜਪਾਲ ਨੂੰ ਚਿਤਾਵਨੀ ਪੱਤਰ ਭੇਜੇ ਗਏ। ਡੀ.ਸੀ ਦਫਤਰ ਦੇ ਨੁਮਾਇੰਦੇ ਨੂੰ ਸੌਂਪੇ ਇਨ੍ਹਾਂ ਪੱਤਰਾਂ ’ਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮਸਲਿਆਂ ਦੇ ਹੱਲ ਲਈ ਹੋਰ ਵਧੇਰੇ ਸਿੱਖਾਂ, ਕਿਸਾਨਾ, ਮਜ਼ਦੂਰਾਂ ਅਤੇ ਵਾਪਰੀ ਵਰਗ ਸਣੇ ਸਮੁੱਚੇ ਪੰਜਾਬੀ ਜਗਤ ਨੂੰ ਲਾਮਬੰਦ ਕਰਕੇ ਵੱਡਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿਤੀ ਗਈ।ਇਥੋਂ ਮੁਹਾਲੀ ਵਿਚਲੇ ਕੌਮੀ ਇਨਸਾਫ਼ ਮੋਰਚੇ ਦੇ ਮੋਢੀਆਂ ’ਚ ਸ਼ੁਮਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮ ਦੇ ਪਿਤਾ ਭਾਈ ਗੁਰਚਰਨ ਸਿੰਘ ਜ਼ਰੀਕਪੁਰ (ਹਵਾਰਾ) ਦੀ ਅਗਵਾਈ ਹੇਠਾਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਡੀਸੀ ਦਫਤਰ ਵੱਲ ਰਵਾਨਾ ਹੋਏ ਇਸ ਕਾਫਲੇ ’ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ, ਮਾਰਕਫੈੱਡ ਦੇ ਸਾਬਕਾ ਡਾਇਰੈਕਟਰ ਸ਼ਰਨਜੀਤ ਸਿੰਘ ਜੋਗੀਪੁਰ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੁਰਾਣੇ ਘੁਲਾਟੀਏ ਜਸਵਿੰਦਰ ਸਿੰਘ ਡਰੌਲੀ, ਮਾਨ ਦਲ ਦੇ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਕਿਸਾਨ ਯੂਨੀਅਨ (ਭਟੇੜੀ) ਦੇ ਸੂਬਾਈ ਪ੍ਰਧਾਨ ਜੰਗ ਸਿੰਘ ਭਟੇੜੀ, ਇੰਡੀਅਨ ਫਾਰਮਰਜ਼ ਐਸੋਸੀਏਸ਼ਨ (ਬਹਿਰੂ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਆਕੜ, ਇੰਦਰਮਾਨ, ਜਸਦੇਵ ਨੂਗੀ ਅਤੇ ਰਾਣਾ ਨਿਰਮਾਣ ਸਮੇਤ ਕਈ ਹੋਰ ਵੀ ਸ਼ਾਮਲ ਰਹੇ।ਕਾਫਲੇ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਕਰਨ, ਝੂਠੇ ਪੁਲੀਸ ਮੁਕਾਬਲੇ, ਹਿਰਾਸਤੀ ਮੌਤਾਂ, ਭ੍ਰਿਸਟਾਚਾਰ, ਨਸ਼ੇ, ਭੂਅ ਤੇ ਰੇਤ ਮਾਫੀਆ ਬੰਦ ਕਰਨ ਅਤੇ ਭਾਈ ਅੰਮ੍ਰਿਤਪਾਲ ਸਿੰਘ ’ਤੇ ਐੱਨਐੱਸਏ ਲਾ ਕੇ ਬਾਹਰਲੀ ਜੇਲ੍ਹ ’ਚ ਡੱਕਣ ਸਣੇ ਕਈ ਹੋਰ ਮਸਲੇ ਵੀ ਉਭਾਰੇ ਗਏ। ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲਿਆਂ ਲਈ ਸਖਤ ਸਜ਼ਾਵਾਂ ਵਾਲੇ ਕਾਨੂੰਨ ਪਾਸ ਕਰਨ ਅਤੇ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ ਚਲਾਨ ਪੇਸ਼ ਕਰਨ ਸਣੇ ਸ਼ੰਭੂ ਤੇ ਢਾਬੀਗੁੱਜਰਾਂ ਤੋਂ ਕਿਸਾਨਾ ਦਾ ਸਾਮਾਨ ਲੁੱਟਣ ਵਾਲਿਆਂ ਖਿਲਾਫ਼ ਕਾਰਵਾਈ ਤੇ ਕਿਸਾਨਾ, ਮਜ਼ਦੂਰਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਹਰ ਵਰਗ ਦੇ ਕਰਜੇ ਮੁਆਫ਼ ਕਰਨ ’ਤੇ ਵੀ ਜ਼ੋਰ ਦਿਤਾ ਗਿਆ ਗਿਆ।