ਨਾਭਾ ਤੋਂ ਬਾਬਰਪੁਰ ਪਿੰਡ ਨੂੰ ਜਾਂਦੀ ਸੜਕ ਕਈ ਸਾਲਾਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਤੇ ਲੋਕ ਸੜਕ ਬਣਵਾਉਣ ਲਈ ਸਮੇਂ ਸਮੇਂ ’ਤੇ ਮੁਜ਼ਾਹਰੇ ਕਰ ਰਹੇ ਹਨ। ਆਜ਼ਾਦੀ ਦਿਹਾੜੇ ’ਤੇ ਵੀ ਕੁਝ ਲੋਕਾਂ ਵੱਲੋਂ ਇਕੱਤਰ ਹੋ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਉਧਾ, ਕੌਲ, ਅਤੇ ਕਮੇਲੀ ਪਿੰਡ ਤੋਂ ਸਰਪੰਚਾਂ ਪੰਚਾਂ ਨੇ ਵੀ ਸ਼ਮੂਲੀਅਤ ਕੀਤੀ।
ਸ਼੍ਰੋਮਣੀ ਅਕਾਲੀ ਦਲ ਆਗੂ ਗੁਰਤੇਜ ਸਿੰਘ ਕੌਲ ਨੇ ਦੱਸਿਆ ਕਿ ਇਹ ਸੜਕ ਟੁੱਟੇ ਨੂੰ ਅੱਧੇ ਦਹਾਕੇ ਤੋਂ ਵੱਧ ਸਮਾਂ ਬੀਤ ਗਿਆ। ਮਾੜੀ ਨਿਕਾਸੀ ਦੇ ਪ੍ਰਬੰਧਾਂ ਕਾਰਨ ਇਹ ਸੜਕ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਜਿਸ ਕਾਰਨ ਆਏ ਦਿਨ ਲੋਕ ਸੜਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲਾਂ ਨੂੰ ਜਾਂਦੇ ਬੱਚੇ ਕਈ ਵਾਰੀ ਇਥੇ ਜ਼ਖਮੀ ਹੋਏ ਹਨ। ਇਥੇ ਤੱਕ ਕਿ ਪਿੰਡਾਂ ਵਿੱਚੋਂ ਮਰੀਜ਼ ਲਿਜਾਉਂਦੀ ਐਂਬੂਲੈਂਸ ਨੂੰ ਵੀ ਇਸ ਸੜਕ ’ਤੇ ਅੱਧਾ ਘੰਟਾ ਵੱਧ ਲੱਗ ਜਾਂਦਾ ਹੈ।
ਕੁਝ ਦਿਨਾਂ ’ਚ ਪਾਸ ਹੋਵੇਗੀ ਸੜਕ: ਐੱਸਡੀਓ
ਪੀਡਬਲਿਊਡੀ ਦੇ ਐੱਸਡੀਓ ਵਿਕਾਸ ਬਾਤਿਸ਼ ਨੇ ਦੱਸਿਆ ਕਿ ਪਹਿਲਾਂ ਇਹ 10 ਫੁੱਟੀ ਸੜਕ ਨੂੰ 18 ਫੁੱਟੀ ਤਿਆਰ ਕਰਨ ਦੀ ਮਨਜ਼ੂਰੀ ਆ ਗਈ ਸੀ ਪਰ ਬਾਅਦ ਵਿੱਚ ਉਹ ਮਨਜ਼ੂਰੀ ਵਾਪਸ ਹੋ ਗਈ। ਹੁਣ ਇਸ ਨੂੰ 12 ਫੁੱਟੀ ਤਿਆਰ ਕਰਨ ਦੀ ਮਨਜ਼ੂਰੀ ਕੁਝ ਹੀ ਦਿਨਾਂ ਵਿੱਚ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ 9.3 ਕਿਲੋਮੀਟਰ ਦੀ ਸੜਕ ’ਤੇ 8.38 ਕਰੋੜ ਦਾ ਖਰਚਾ ਆਵੇਗਾ ਜਿਸ ਵਿੱਚ ਨਿਕਾਸੀ ਦੀ ਸਮੱਸਿਆ ਵਾਲ਼ੀ ਥਾਂ ਨੂੰ ਉੱਚਾ ਚੁੱਕ ਕੇ 1.5 ਕਿਲੋਮੀਟਰ ਦੇ ਟੋਟੇ ’ਤੇ ਇੰਟਰਲਾਕ ਟਾਈਲ ਲਗਾਈ ਜਾਣੀ ਹੈ। ਹਾਲਾਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਨੂੰ 18 ਫੁੱਟ ਹੀ ਤਿਆਰ ਕੀਤਾ ਜਾਵੇ।