ਹਲਕਾ ਨਾਭਾ ਦੇ ਸਰਪੰਚਾਂ ’ਚ ਪ੍ਰਸ਼ਾਸਨ ਖ਼ਿਲਾਫ਼ ਰੋਸ
ਹਲਕਾ ਨਾਭਾ ਦੇ ਸਰਪੰਚਾਂ ਵਿੱਚ ਪ੍ਰਸ਼ਾਸਨ ਪ੍ਰਤੀ ਰੋਸ ਅਤੇ ਉਨ੍ਹਾਂ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਸਰਪੰਚਾਂ ਨੇ ਕਿਹਾ ਕਿ 90 ਹਜ਼ਾਰ ਦਾ ਵਾਟਰ ਕੂਲਰ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ ਜਿਸ ਦੀ ਬਾਜ਼ਾਰ ਵਿੱਚ ਕੀਮਤ 30 ਹਜ਼ਾਰ ਰੁਪਏ ਹੈ। ਇਸ ਸਬੰਧ ’ਚ 50 ਤੋਂ ਵੱਧ ਸਰਪੰਚਾਂ ਨੇ ਇੱਥੇ ਘੋੜਿਆਂ ਵਾਲਾ ਗੁਰਦੁਆਰੇ ਵਿੱਚ ਮੀਟਿੰਗ ਕੀਤੀ। ਉਸ ਮਗਰੋਂ ਨਾਭਾ ਵਿਧਾਇਕ ਨਾਲ ਬੀਡੀਪੀਓ ਦਫਤਰ ਵਿਖੇ ਬੰਦ ਕਮਰਾ ਮੀਟਿੰਗ ਕੀਤੀ। ਇਸ ਮਗਰੋਂ ਪਿੰਡ ਬਿਨਾਹੇੜੀ ਵਿੱਚ ਪਿੰਡ ਬਚਾਓ ਪੰਜਾਬ ਬਚਾਓ ਟੀਮ ਵੱਲੋਂ ਰੱਖੇ ਪ੍ਰੋਗਰਾਮ ਵਿੱਚ ਕੁਝ ਸਰਪੰਚਾਂ ਨੇ ਜਨਤਕ ਰੂਪ ਵਿੱਚ ਰੋਸ ਜ਼ਾਹਿਰ ਕੀਤਾ। ਉਨ੍ਹਾਂ ’ਤੇ 90 ਹਜ਼ਾਰ ਦਾ ਵਾਟਰ ਕੂਲਰ ਲੈਣ ਦਾ ਦਬਾਅ ਗਿਆ ਜਿਸ ਦੀ ਕੀਮਤ ਬਾਜ਼ਾਰ ਵਿੱਚ 30 ਹਜ਼ਾਰ ਹੈ ਅਤੇ ਮਨ੍ਹਾਂ ਕਰਨ ’ਤੇ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸਹਿਯੋਗ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਬਿਨਾਹੇੜੀ ਸਰਪੰਚ ਜਸਵਿੰਦਰ ਕੌਰ ਦੇ ਪੁੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵਿਧਾਇਕ ਨਾਲ ਹੋਈ ਮੀਟਿੰਗ ਵੀ ਕਿਸੇ ਕੰਢੇ ਨਾ ਲੱਗੀ। ਇਸ ਦੌਰਾਨ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਹੋਰ ਆਗੂਆਂ ਨੇ ਸਰਪੰਚਾਂ ਨੂੰ ਵੱਧ ਤੋਂ ਵੱਧ ਕੰਮ ਗ੍ਰਾਮ ਸਭਾਵਾਂ ਰਾਹੀਂ ਮਤੇ ਪਾਉਣ ਦੀ ਸਲਾਹ ਦਿੱਤੀ। ਇਸ ਦੌਰਾਨ ਵਿਧਾਇਕ ਦੇਵ ਮਾਨ ਨਾਲ ਸੰਪਰਕ ਨਹੀਂ ਹੋ ਸਕਿਆ।
ਮਾਮਲਾ ਧਿਆਨ ਲਿਆਵੇ ਪੰਚਾਇਤ: ਬੀਡੀਪੀਓ
ਬੀਡੀਪੀਓ ਬਲਜੀਤ ਕੌਰ ਨੇ 90 ਹਜ਼ਾਰ ਦੇ ਵਾਟਰ ਕੂਲਰ ਬਾਰੇ ਕਿਹਾ ਕਿ ਇੱਕ ਵੀ ਪਿੰਡ ਵਿੱਚੋਂ ਅਜਿਹਾ ਕੋਈ ਚੈੱਕ ਨਹੀਂ ਕੱਟਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਪੰਚਾਇਤ ਸਕੱਤਰ ਕਿਸੇ ਦਾ ਵੀ ਨਾਮ ਲੈਕੇ ਭ੍ਰਿਸ਼ਟਾਚਾਰ ਲਈ ਦਬਾਅ ਬਣਾਉਂਦਾ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।