ਜੇਲ੍ਹ ’ਚ ਬੰਦ ਸੋਨੀ ਨੂੰ ਨਾ ਮਿਲਣ ਦੇਣ ’ਤੇ ਪ੍ਰਦਰਸ਼ਨ
ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਆਗੂ ਸੰਜੀਵ ਸੂਰੀ ਦੇ ਕਥਿਤ ਕਤਲ ਦੇ ਦੋਸ਼ ਹੇਠ ਪਟਿਆਲਾ ਜੇਲ੍ਹ ਵਿਚ ਬੰਦ ਸੰਦੀਪ ਸਿੰਘ ਸੋਨੀ ਦੇ ਪਰਿਵਾਰ ਸਮੇਤ ਅੱਜ ਵੱਡੀ ਗਿਣਤੀ ਲੋਕਾਂ ਨੇ ਜੇਲ੍ਹ ਦੇ ਬਾਹਰ ਜੇਲ੍ਹ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਸੰਦੀਪ ਸਿੰਘ ਸੋਨੀ ਨਾਲ ਮੁਲਾਕਾਤ ਕਰਵਾਉਣ ਦੀ ਮੰਗ ਕਰ ਰਹੇ ਸੀ। ਸੋਨੀ ਦੇ ਸਮਰਥਕਾਂ ਦਾ ਇਕ ਵਫ਼ਦ ਡੀਸੀ ਪਟਿਆਲਾ ਪ੍ਰੀਤੀ ਯਾਦਵ ਨੂੰ ਵੀ ਮਿਲਿਆ ਪਰ ਅੱਜ ਸ਼ਾਮ ਤੱਕ ਜੇਲ੍ਹ ਪ੍ਰਸ਼ਾਸਨ ਨੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਸੰਦੀਪ ਸਿੰਘ ਸੋਨੀ ਦੀ ਕਿਸੇ ਨਾਲ ਵੀ ਮੁਲਾਕਾਤ ਨਹੀਂ ਕਰਵਾਈ।
ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਸੋਨੀ ਤੇ ਇਲਜ਼ਾਮ ਹੈ ਕਿ ਉਸ ਨੇ ਜੇਲ੍ਹ ਵਿਚ ਬੰਦ ਸਾਬਕਾ ਪੁਲੀਸ ਅਧਿਕਾਰੀਆਂ ਰਿਟਾਇਰਡ ਡੀਐਸਪੀ ਗੁਰਬਚਨ ਸਿੰਘ, ਇੰਸਪੈਕਟਰ ਸੂਬਾ ਸਿੰਘ ਅਤੇ ਇੰਸਪੈਕਟਰ ਇੰਦਰਜੀਤ ਸਿੰਘ ਤੇ ਹਮਲਾ ਕੀਤਾ ਸੀ ਜਿਨ੍ਹਾਂ ਨੂੰ ਫੇਕ ਇੰਕਾਉਂਟਰ ਦੇ ਕੇਸ ਵਿਚ ਸਜਾ ਸੁਣਾਈ ਗਈ ਹੈ। ਸੋਨੀ ਦੇ ਪਰਿਵਾਰ ਦਾ ਜੇਲ੍ਹ ਪ੍ਰਸ਼ਾਸਨ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਾਬਕਾ ਪੁਲੀਸ ਅਧਿਕਾਰੀਆਂ ਦੀ ਕੁੱਟਮਾਰ ਤੋਂ ਬਾਅਦ ਸੰਦੀਪ ਸਿੰਘ ਸੋਨੀ ਦੀ ਕੁੱਟਮਾਰ ਕੀਤੀ ਹੈ। ਅੱਜ ਜੇਲ੍ਹ ਵਿਚ ਸੰਦੀਪ ਸਿੰਘ ਸੋਨੀ ਨੂੰ ਮਿਲਣ ਲਈ ਉੱਘੇ ਵਕੀਲ ਜੀਪੀਐਸ ਘੁੰਮਣ, ਹਵਾਰਾ ਕਮੇਟੀ ਦੇ ਆਗੂ ਬਾਪੂ ਗੁਰਚਰਨ ਸਿੰਘ ਬੈਨੀਵਾਲ, ਮਾਨ ਦਲ ਦੇ ਪ੍ਰੋ. ਮਹਿੰਦਰਪਾਲ ਸਿੰਘ ਤੇ ਹਰਭਜਨ ਸਿੰਘ ਕਸ਼ਮੀਰੀ, ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਵੱਲੋਂ ਜਸਵਿੰਦਰ ਸਿੰਘ ਡਰੋਲੀ , ਬੀਬੀ ਸਤਨਾਮ ਕੌਰ ਬੁਲਾਰਾ, ਸ਼ਰਨਜੀਤ ਜੋਗੀਪੁਰ, ਸੁਖਜੀਤ ਸਿੰਘ ਸਰਪੰਚ ਰਾਠੀਆ ਅਤੇ ਭਾਈ ਸੁਖਬੀਰ ਸਿੰਘ ਬਲਬੇੜਾ, ਐਸਪੀ ਸਿੰਘ ਸੈਫਦੀਪੁਰ ਗੁਰਜੰਟ ਸਿੰਘ ਸੀਲ, ਗੁਰਦੀਪ ਸਿੰਘ ਮਰਦਾਂਪੁਰ ਆਦਿ 200 ਤੋਂ ਵੱਧ ਲੋਕ ਸਵੇਰੇ ਹੀ ਇਕੱਠੇ ਹੋ ਗਏ।
ਬਾਪੂ ਗੁਰਚਰਨ ਸਿੰਘ ਨੇ ਕਿਹਾ ਹੈ ਕਿ ਡੀਸੀ ਦੇ ਹੁਕਮਾਂ ਤੋਂ ਬਾਅਦ ਵੀ ਸਾਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਹੈ, ਇਸ ਦਾ ਸਾਫ਼ ਕਾਰਨ ਹੈ ਕਿ ਸੰਦੀਪ ਨਾਲ ਜੇਲ੍ਹ ਵਿਚ ਕੁਝ ਮਾੜਾ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਸਾਰੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਜੇਲ੍ਹ ਵਿਚ ਜਾਂਚ ਚੱਲ ਰਹੀ ਹੈ, ਸੰਦੀਪ ਸਿੰਘ ਸੋਨੀ ਨੂੰ ਕੋਈ ਖ਼ਤਰਾ ਨਹੀਂ ਹੈ।
ਦੂਜੇ ਪਾਸੇ ਹਿੰਦੂ ਆਗੂ ਆਸ਼ੀਸ਼ ਕਪੂਰ ਨੇ ਕਿਹਾ ਕਿ ਸੰਦੀਪ ਸਿੰਘ ਸੁਧੀਰ ਕੁਮਾਰ ਸੂਰੀ ਦੇ ਕਤਲ ਕੇਸ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਅਜਿਹੇ ਗਰਮ ਖ਼ਿਆਲੀ ਅਤੇ ਅਪਰਾਧੀ ਸੋਚ ਵਾਲੇ ਲੋਕਾਂ ਨੂੰ ਆਮ ਕੈਦੀਆਂ ਨਾਲ ਰੱਖਣਾ ਬਹੁਤ ਖ਼ਤਰਨਾਕ ਹੈ। ਉਨ੍ਹਾਂ ਮੰਗ ਕੀਤੀ ਕਿ ਸੰਦੀਪ ਸਿੰਘ ਨੂੰ ਤੁਰੰਤ ਡਿਬਰੂਗੜ੍ਹ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।