ਪਟਿਆਲਾ ਦੀ ਵਿਰਾਸਤ ਸੰਭਾਲਣ ਲਈ ਪ੍ਰਾਜੈਕਟ ਤਿਆਰ: ਬਲਬੀਰ ਸਿੰਘ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਜੂਨ
ਪੰਜਾਬ ਦੇ ਕੈਬਨਿਟ ਮੰਤਰੀਆਂ ਹਰਦੀਪ ਸਿੰਘ ਮੁੰਡੀਆਂ ਅਤੇ ਡਾ. ਬਲਬੀਰ ਸਿੰਘ ਸਮੇਤ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਪਟਿਆਲਾ ਦੇ ਪੁਰਾਤਨ ਤੇ ਇਤਿਹਾਸਕ ਮਾਤਾ ਕਾਲੀ ਦੇਵੀ ਮੰਦਰ ਦੇ ਸਰੋਵਰ ’ਚ ਕਰੀਬ 30 ਸਾਲਾਂ ਬਾਅਦ ਤਾਜ਼ਾ ਜਲ ਪਹੁੰਚਾਉਣ ਲਈ 70 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪਾਈਪਲਾਈਨ ਵਿਛਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦੀਆਂ ਵਿਰਾਸਤ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਨੇ ਪ੍ਰਾਜੈਕਟ ਤਿਆਰ ਕੀਤਾ ਹੈ। ਇਸ ਮੌਕੇ ਦੋਵਾਂ ਮੰਤਰੀਆਂ ਨੇ ਐਲਾਨ ਕੀਤਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਦਹਾਇਕਾਂ ਤੋਂ ਅੱਖੋਂ-ਪਰੋਖੇ ਕੀਤੇ ਗਏ ਪਵਿੱਤਰ ਸਰੋਵਰ ’ਚ ਅਗਲੇ ਦੋ ਮਹੀਨਿਆਂ ਦੇ ਅੰਦਰ-ਅੰਦਰ ਤਾਜ਼ਾ ਜਲ ਪਹੁੰਚ ਜਾਵੇਗਾ। ਮੰਦਰ ਦੀ ਕਾਇਆਕਲਪ ਕਰਕੇ ਇਸ ਦੇ ਚੌਗਿਰਦੇ ਨੂੰ ਸੰਵਾਰਨ ਸਮੇਤ ਮੰਦਰ ਦੁਆਲੇ ਵਿਰਾਸਤੀ ਮਾਰਗ ਬਣਾਇਆ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਮਹੀਨੇ ਮਾਤਾ ਕਾਲੀ ਦੇਵੀ ਮੰਦਰ ਦੀ ਕਾਇਆਕਲਪ ਕਰਨ ਦੇ ਪ੍ਰਾਜੈਕਟ ਨੂੰ ਮੁਕੰਮਲ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮੰਦਰ ਦੀ ਆਸਥਾ ਪਟਿਆਲਾ ਸਮੇਤ ਪੰਜਾਬ ਤੇ ਦੇਸ਼ ਵਿਦੇਸ਼ ’ਚ ਵੱਸਦੇ ਭਾਰਤੀਆਂ ਦੇ ਮਨਾਂ ’ਚ ਹੈ ਪਰ ਸ਼ਰਧਾਲੂ ਇਸ ਦੇ ਸਰੋਵਰ ਤੇ ਚੌਗਿਰਦੇ ਦੇ ਸੁੰਦਰੀਕਰਨ ਦੀ ਮੰਗ ਕਰਦੇ ਸਨ, ਜਿਸ ਨੂੰ ਪੰਜਾਬ ਸਰਕਾਰ ਨੇ ਪੂਰਾ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਪੰਜਾਬ ਸਰਕਾਰ ਮੰਦਰ ਦੇ ਨਵੀਨੀਕਰਨ ਦੇ ਪ੍ਰਾਜੈਕਟ ਨੂੰ ਮੰਦਰ ਦੀ ਪਵਿੱਤਰਤਾ ਬਰਕਰਾਰ ਰੱਖਦੇ ਹੋਏ ਸ਼ਰਧਾ ਤੇ ਪੂਰੀ ਮਰਿਆਦਾ ਨਾਲ ਮਿੱਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰਵਾਏਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਵਾਲੀ ਪਾਈਪਲਾਈਨ ਮਹਾਰਾਣੀ ਕਲੱਬ ਤੋਂ ਕਾਲੀ ਮਾਤਾ ਮੰਦਰ ਤੱਕ ਆਉਂਦੀ ਸੀ ਪਰ ਉਹ ਦਰੱਖ਼ਤਾਂ ਦੀਆਂ ਜੜ੍ਹਾਂ ਕਰਕੇ ਖਰਾਬ ਹੋ ਗਈ ਸੀ, ਜਿਸ ਕਰਕੇ ਮੰਦਰ ਤੇ ਰਾਜਿੰਦਰਾ ਲੇਕ ਨੂੰ ਪਾਣੀ ਨਹੀਂ ਸੀ ਮਿਲ ਰਿਹਾ। ਹੁਣ 70 ਲੱਖ ਦੀ ਲਾਗਤ ਨਾਲ ਲਗਪਗ ਇਕ ਕਿਲੋਮੀਟਰ ਲੰਬੀ ਪਾਈਪਲਾਈਨ ਪਾਈ ਜਾਵੇਗੀ। ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਵੀ ਮੌਜੂਦ ਸਨ।