ਪ੍ਰਾਈਵੇਟ ਸਕੂਲਾਂ ’ਤੇ ਸੀ ਬੀ ਐੱਸ ਈ ਬੋਰਡ ਦੀ ਵੱਧ ਫੀਸ ਵਸੂਲਣ ਦਾ ਦੋਸ਼
ਇਥੇ ਮਾਪਿਆਂ ਨੇ ਸੀ ਬੀ ਐੱਸ ਈ ਬੋਰਡ ਪ੍ਰੀਖ਼ਿਆ ਲਈ ਕੁਝ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀ ਫ਼ੀਸ ਵਸੂਲਣ ਦੇ ਦੋਸ਼ ਲਗਾਏ ਹਨ। ਨਿੱਜੀ ਸਕੂਲ ’ਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਮੁਤਾਬਕ ਦਸਵੀਂ ਜਮਾਤ ਲਈ ਬੋਰਡ ਦੀ ਫੀਸ ਚਾਰ ਹਜ਼ਾਰ ਤੱਕ...
ਇਥੇ ਮਾਪਿਆਂ ਨੇ ਸੀ ਬੀ ਐੱਸ ਈ ਬੋਰਡ ਪ੍ਰੀਖ਼ਿਆ ਲਈ ਕੁਝ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀ ਫ਼ੀਸ ਵਸੂਲਣ ਦੇ ਦੋਸ਼ ਲਗਾਏ ਹਨ। ਨਿੱਜੀ ਸਕੂਲ ’ਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਮੁਤਾਬਕ ਦਸਵੀਂ ਜਮਾਤ ਲਈ ਬੋਰਡ ਦੀ ਫੀਸ ਚਾਰ ਹਜ਼ਾਰ ਤੱਕ ਵਸੂਲੀ ਜਾ ਰਹੀ ਹੈ ਜਦੋਂ ਕਿ ਬੋਰਡ ਵੱਲੋਂ ਪੰਜ ਵਿਸ਼ਿਆਂ ਦੀ ਫੀਸ 1600 ਅਤੇ ਵਾਧੂ ਵਿਸ਼ੇ ਦੀ 350 ਰੁਪਏ ਸਣੇ ਖਰਚੇ ਨਿਰਧਾਰਤ ਕੀਤੀ ਹੋਈ ਹੈ। ਮਾਪਿਆਂ ਦਾ ਦੋਸ਼ ਹੈ ਕਿ ਸਕੂਲ ਪ੍ਰਬੰਧਕਾਂ ਵੱਲੋਂ ਜਬਰੀ ਵੱਧ ਰਕਮ ਮੰਗੀ ਜਾ ਰਹੀ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਸਕੂਲ ਦੇ ਅਧਿਆਪਕ ਉਨ੍ਹਾਂ ਨੂੰ ਜਲਦ ਪੈਸੇ ਜਮ੍ਹਾਂ ਕਰਵਾਉਣ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੀ ਬੀ ਐੱਸ ਈ ਬੋਰਡ ਵੱਲੋਂ ਜੋ ਫੀਸ ਨੈੱਟ ’ਤੇ ਦੱਸੀ ਗਈ ਹੈ ਉਹ ਘੱਟ ਹੈ। ਵੱਧ ਫ਼ੀਸ ਮੰਗੇ ਜਾਣ ਬਾਰੇ ਜਦੋਂ ਸਕੂਲ ਪ੍ਰਬੰਧਕਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਪਹਿਲਾਂ ਹੀ ਬੋਰਡ ਨੂੰ ਚਾਰ ਹਜ਼ਾਰ ਫੀਸ ਭਰ ਦਿੱਤੀ ਹੈ। ਬੋਰਡ ਦੀ ਵੱਧ ਫ਼ੀਸ ਵਸੂਲਣ ਸਬੰਧੀ ਇਕ ਪ੍ਰਾਈਵੇਟ ਸਕੂਲ ਦੇ ਪ੍ਰਬੰਧਕ ਨੇ ਕਿਹਾ ,‘‘ਇਹ ਪ੍ਰਾਈਵੇਟ ਸਕੂਲ ਹੈ ਸਰਕਾਰੀ ਨਹੀਂ, ਇਥੇ ਬੱਚਿਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਬੋਰਡ ਦੀ ਕੋਈ ਵੱਧ ਫ਼ੀਸ ਨਹੀਂ ਵਸੂਲੀ।’’

