ਮੁਰਗੀ ਪਾਲਕਾਂ ਵੱਲੋਂ ਮਿਨੀ ਸਕੱਤਰੇਤ ’ਚ ਨਾਅਰੇਬਾਜ਼ੀ
ਰਾਜਪੁਰਾ ਦੇ ਨਜ਼ਦੀਕੀ ਪਿੰਡ ਸੰਧਾਰਸੀ ਵਿੱਚ ਪੋਲਟਰੀ ਫਾਰਮਾਂ ਨੂੰ ਮੁਰਗ਼ੀ ਦੇ ਚੂਜ਼ੇ ਅਤੇ ਦਾਣਾ ਸਪਲਾਈ ਕਰਨ ਵਾਲ਼ੀ ਆਈਬੀ ਗਰੁੱਪ ਦੀ ਫੈਕਟਰੀ ਸਾਹਮਣੇ ਲਾਏ ਧਰਨੇ ਨੂੰ ਚੁਕਵਾਉਣ ਲਈ ਆਈਬੀ ਗਰੁੱਪ ਨਾਲ ਜੁੜੇ ਕਿਸਾਨਾਂ ਨੇ ਫੈਕਟਰੀ ਪ੍ਰਬੰਧਕਾਂ ਸਣੇ ਐੱਸਡੀਐੱਮ ਰਾਜਪੁਰਾ ਅਵਿਕੇਸ਼ ਗੁਪਤਾ ਨੂੰ ਮੰਗ ਪੱਤਰ ਸੌਂਪਿਆ। ਮਿਨੀ ਸਕੱਤਰੇਤ ਵਿੱਚ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦੱਸਿਆ ਕਿ ਫੈਕਟਰੀ ਸਾਹਮਣੇ ਦੋ ਦਿਨਾਂ ਤੋਂ ਬਰਾਇਲਰ ਬਰੀਡਰ ਸੰਗਠਨ ਉੱਤਰੀ ਵੱਲੋਂ ਧਰਨਾ ਲਗਾਇਆ ਹੋਇਆ ਹੈ। ਚੂਜ਼ਿਆਂ ਨੂੰ ਦਾਣਾ ਨਾ ਪਹੁੰਚਣ ਕਾਰਨ ਮੁਰਗ਼ੀ ਪਾਲਕ ਚਿੰਤਤ ਹਨ।
ਐੱਸਡੀਐੱਮ ਦਫ਼ਤਰ ਅੱਗੇ ਅੱਜ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਫ਼ਤਿਆਬਾਦ ਆਦਿ ਤੋਂ ਆਏ ਮੁਰਗ਼ੀ ਪਾਲਕ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਆਈਬੀ ਗਰੁੱਪ ਤੋਂ ਆਪਣੇ ਪੋਲਟਰੀ ਫਾਰਮਾਂ ਲਈ ਚੂਜ਼ੇ ਅਤੇ ਫੀਡ ਲੈਂਦੇ ਹਨ। ਆਈਬੀ ਗਰੁੱਪ ਤੋਂ ਚੂਜ਼ੇ ਵੱਧ ਵਜ਼ਨ ਦੇ ਮਿਲਦੇ ਹਨ ਅਤੇ ਉਧਾਰ ਵੀ ਮਿਲ ਜਾਂਦਾ ਹੈ। ਸਹੂਲਤ ਤੇ ਆਮਦਨ ਵੱਧ ਦੇਖ ਕੇ ਜ਼ਿਆਦਾਤਰ ਕਿਸਾਨ ਆਈਬੀ ਗਰੁੱਪ ਨਾਲ ਜੁੜ ਗਏ ਹਨ। ਇਸ ਕਾਰਨ ਬਰੈਲਰ ਬਰੀਡਰ ਸੰਗਠਨ ਉੱਤਰੀ ਨਾਲ ਜੁੜੇ ਚੂਜ਼ਾ ਉਤਪਾਦਕਾਂ ਅਤੇ ਫੀਡ ਕੰਪਨੀਆਂ ਵਾਲ਼ੇ 30-40 ਬੰਦਿਆਂ ਨੇ ਆਈਬੀ ਗਰੁੱਪ ਸੰਧਾਰਸੀ ਦੀ ਫੈਕਟਰੀ ਸਾਹਮਣੇ ਧਰਨਾ ਦੇ ਕੇ ਫੈਕਟਰੀ ਦਾ ਗੇਟ ਬੰਦ ਕਰ ਦਿੱਤਾ ਹੈ। ਇਸ ਕਾਰਨ ਪੋਲਟਰੀ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧਰਨਾਕਾਰੀ ਕਥਿਤ ਹਥਿਆਰਬੰਦ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਫੈਕਟਰੀ ਅੱਗੇ ਲੱਗੇ ਧਰਨੇ ਨੂੰ ਚੁਕਵਾਇਆ ਜਾਵੇ ਅਤੇ ਉਨ੍ਹਾਂ ਨੂੰ ਫੀਡ ਅਤੇ ਚੂਜ਼ਿਆਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ।
ਐੱਸਡੀਐੱਮ ਅਵਿਕੇਸ਼ ਗੁਪਤਾ ਨੇ ਕਿਹਾ ਕਿ ਉਨ੍ਹਾਂ ਘਨੌਰ ਦੇ ਡੀਐੱਸਪੀ ਹਰਮਨਪ੍ਰੀਤ ਸਿੰਘ ਚੀਮਾ ਨੂੰ ਮਸਲੇ ਦੇ ਹੱਲ ਲਈ ਭੇਜਿਆ ਹੈ, ਉਹ ਦੋਵੇਂ ਧਿਰਾਂ ਨਾਲ ਗੱਲ ਕਰ ਰਹੇ ਹਨ।