ਭੁਨਰਹੇੜੀ-ਘੜਾਮ ਸੜਕ ’ਤੇ ਟੋਏ ਭਰਨ ਦਾ ਕੰਮ ਸ਼ੁਰੂ
ਕਿਸਾਨ ਯੂਨੀਅਨ ਤੇ ਇਲਾਕੇ ਦੇ ਲੋਕਾਂ ਨੇ ਟੁੱਟੀ ਸਡ਼ਕ ਬਣਵਾਉਣ ਲਈ ਲਾਇਆ ਸੀ ਜਾਮ
ਕਿਸਾਨਾਂ ਤੇ ਸਥਾਨਕ ਲੋਕਾਂ ਦੇ ਸੰਘਰਸ਼ ਤੋਂ ਬਾਅਦ ਭੁਨਰਹੇੜੀ-ਘੜਾਮ ਸੜਕ ’ਤੇ ਟੋਏ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਬਰਸਾਤ ਦੇ ਮੌਸਮ ਦੌਰਾਨ ਨੁਕਸਾਨੀਆਂ ਹਲਕਾ ਸਨੌਰ ਦੀਆਂ ਸੜਕਾਂ ਵੱਲ ਲੋਕ ਨਿਰਮਾਣ ਵਿਭਾਗ ਵੱਲੋਂ ਧਿਆਨ ਨਾ ਦਿੱਤੇ ਜਾਣ ਖ਼ਿਲਾਫ਼ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੀ ਅਗਵਾਈ ਹੇਠ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਭਗ 10 ਦਿਨ ਪਹਿਲਾਂ ਪਟਿਆਲਾ-ਪਿਹੋਵਾ ਰਾਜ ਮਾਰਗ ’ਤੇ ਪਿੰਡ ਭੁਨਰਹੇੜੀ ਵਿੱਚ ਚਾਰ ਘੰਟੇ ਜਾਮ ਲਗਾਇਆ ਸੀ। ਇਸ ਦੌਰਾਨ ਤਹਿਸੀਲਦਾਰ ਪਟਿਆਲਾ ਮੌਕੇ ’ਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਸੀ ਕਿ 20 ਦਿਨਾਂ ਦੇ ਅੰਦਰ ਅੰਦਰ ਭੁੱਨਰਹੇੜੀ ਤੋਂ ਘੜਾਮ ਨੂੰ ਜਾਂਦੀ ਪ੍ਰਧਾਨ ਮੰਤਰੀ ਸੜਕ ਉਪਰ ਪਏ ਟੋਏ ਪੱਥਰ ਅਤੇ ਮਿੱਟੀ ਪਾ ਕੇ ਭਰੇ ਜਾਣਗੇ ਅਤੇ ਜਲਦ ਹੀ ਸੜਕ ਬਣਾਉਣ ਦਾ ਵੀ ਵਿਸ਼ਵਾਸ਼ ਦਵਾਇਆ ਸੀ, ਇਸ ਵਿਸ਼ਵਾਸ਼ ’ਤੇ ਪਹਿਰਾ ਦਿੰਦਿਆਂ ਆਖਰ ਤਹਿਸੀਲਦਾਰ ਨੇ ਇਸ ਸੜਕ ਉਪਰ ਪੱਥਰ ਅਤੇ ਮਿੱਟੀ ਦੇ ਕੁਝ ਟਰੱਕ ਭੇਜ ਦਿੱਤੇ ਹਨ, ਜਿਨ੍ਹਾਂ ਨੂੰ ਕ੍ਰਾਂਤੀਕਾਰੀ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਤੇ ਹੋਰ ਆਗੂਆਂ ਨੇ ਇਸ ਪੱਥਰ ਤੇ ਮਿੱਟੀ ਨੂੰ ਆਪਣੀ ਅਗਵਾਈ ਵਿੱਚ ਕੋਲ ਖੜ੍ਹੇ ਹੋ ਕੇ ਟੋਇਆਂ ਵਿੱਚ ਪੁਆਇਆ। ਇਸ ਮੋਕੇ ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਵੱਲੋਂ ਇਸ ਸੜਕ ’ਤੇ ਪਏ ਡੁੰਘੇ ਟੋਇਆਂ ਵਿੱਚ ਪੱਥਰ ਦੇ ਪੈਣ ਨਾਲ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕੁਝ ਰਾਹਤ ਮਿਲੇਗੀ, ਉਨ੍ਹਾਂ ਨੇ ਇਸ ਕੀਤੇ ਥੋੜੇ ਜਿਹੇ ਉਪਰਾਲੇ ਦਾ ਤਹਿਸੀਲਦਾਰ ਦਾ ਧੰਨਵਾਦ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਜਲਦੀ ਨਵੇਂ ਸਿਰਿਓਂ ਮੁਰੰਮਤ ਕਰਵਾਇਆ ਜਾਵੇ ਤਾਂ ਕਿ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਮੌਕੇ ਉਨ੍ਹਾਂ ਨਾਲ ਪਰਮਜੀਤ ਸਿੰਘ ਮਹਿਮੂਦਪੁਰ, ਹਰਚੰਦ ਸਿੰਘ ਮਹਿਮੂਦਪੁਰ, ਨਿਰਮੈਲ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।