DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੋਲੋ ਗਰਾਊਂਡ ਸਣੇ ਹੋਰ ਮੈਦਾਨਾਂ ’ਚ ਸਾਫ਼-ਸਫ਼ਾਈ ਦਾ ਬੁਰਾ ਹਾਲ

ਡੀਸੀ ਵੱਲੋਂ ਐੱਸਡੀਐੱਮਜ਼, ਡੀਐੱਸਓ ਨੂੰ ਮੈਦਾਨਾਂ ਦਾ ਦੌਰਾ ਕਰ ਕੇ ਤੁਰੰਤ ਕਾਰਵਾਈ ਦੇ ਸਖ਼ਤ ਹੁਕਮ
  • fb
  • twitter
  • whatsapp
  • whatsapp
featured-img featured-img
ਜ਼ਿਲ੍ਹਾ ਸਪੋਰਟਸ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ।
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ, 17 ਮਈ

Advertisement

ਪ‌ਟਿਆਲਾ ਸ਼ਹਿਰ ਅਤੇ ਜ਼ਿਲ੍ਹੇ ਦੇ ਖੇਡ ਮੈਦਾਨਾਂ ਦਾ ਬੁਰਾ ਹਾਲ ਹੋਣ ਕਰਕੇ ਡੀਸੀ ਨੇ ਪੋਲੋ ਗਰਾਊਂਡ, ਜਿਮਨੇਜ਼ੀਅਮ ਹਾਲ, ਰਿੰਕ ਹਾਲ ਤੇ ਸਵਿਮਿੰਗ ਪੂਲ ਵਿੱਚ ਸਾਫ਼-ਸਫ਼ਾਈ ਤੇ ਹੋਰ ਪ੍ਰਬੰਧਾਂ ’ਚ ਖਾਮੀਆਂ ਤੇ ਸਾਹਮਣੇ ਆਈਆਂ ਨਾਕਾਮੀਆਂ ਦਾ ਗੰਭੀਰ ਨੋਟਿਸ ਲਿਆ ਹੈ। ਜ਼ਿਲ੍ਹਾ ਸਪੋਰਟਸ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਖਿਡਾਰੀਆਂ ਤੇ ਨੌਜਵਾਨਾਂ ਨੂੰ ਬਿਹਤਰ ਤੇ ਮਿਆਰੀ ਖੇਡ ਸਹੂਲਤਾਂ ਪ੍ਰਦਾਨ ਕਰਨਾ ਖੇਡ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਹੈ, ਇਸ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ।

ਡਿਪਟੀ ਕਮਿਸ਼ਨਰ ‌ਡਾ. ਪ੍ਰਿਤੀ ਯਾਦਵ ਨੇ ਜ਼ਿਲ੍ਹੇ ਦੇ ਸਮੂਹ ਐੱਸਡੀਐੱਮਜ਼, ਜ਼ਿਲ੍ਹਾ ਖੇਡ ਅਫ਼ਸਰ ਤੇ ਵੱਖ-ਵੱਖ ਕੋਚਾਂ ਨੂੰ ਜ਼ਿਲ੍ਹੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਖੇਡ ਦੇ ਮੈਦਾਨਾਂ ਨੂੰ ਨਮੂਨੇ ਦੇ ਖੇਡ ਮੈਦਾਨ ਬਣਾਉਣ ਲਈ ਖ਼ੁਦ ਮੈਦਾਨ ਵਿੱਚ ਉਤਰਨ ਦੇ ਸਖ਼ਤ ਹੁਕਮ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸਮੂਹ ਐੱਸਡੀਐੱਮਜ਼ ਆਪਣੀ ਸਬ-ਡਿਵੀਜ਼ਨ ਦੇ ਸਾਰੇ ਪਿੰਡਾਂ ਵਿੱਚ ਖੇਡਾਂ ਦੇ ਮੈਦਾਨਾਂ ਬਾਰੇ ਲੋਕਾਂ ਨਾਲ ਗੱਲਬਾਤ ਕਰਕੇ ਤੇ ਖੇਡ ਸਟੇਡੀਅਮਾਂ ਦਾ ਦੌਰਾ ਕਰ ਕੇ ਰਿਪੋਰਟ ਉਨ੍ਹਾਂ ਨੂੰ ਸੌਂਪਣ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੈ ਤੇ ਨਸ਼ਿਆਂ ਦੀ ਸਪਲਾਈ ਕੱਟੇ ਜਾਣ ਕਰਕੇ ਨਸ਼ਿਆਂ ਤੋਂ ਵਿਹਲੇ ਹੋਏ ਨੌਜਵਾਨ ਹੁਣ ਖੇਡ ਦੇ ਮੈਦਾਨਾਂ ਵਿੱਚ ਆਉਣਗੇ, ਇਸ ਲਈ ਉਨ੍ਹਾਂ ਨੂੰ ਸੰਭਾਲਣ ਲਈ ਖੇਡ ਦੇ ਮੈਦਾਨ ਤੇ ਸਟੇਡੀਅਮ ਮਿਆਰੀ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਖੇਡ ਮੈਦਾਨਾਂ ਨੂੰ ਬਿਹਤਰ ਬਣਾਉਣਾ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ, ਇਸ ਲਈ ਸਾਰੇ ਸਬੰਧਤ ਅਧਿਕਾਰੀ ਤੁਰੰਤ ਕੰਮ ਵਿੱਚ ਜੁਟ ਜਾਣ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਖੇਡ ਮੈਦਾਨਾਂ ਲਈ ਸੋਲਰ ਲਾਈਟਾਂ ਪ੍ਰਦਾਨ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਅਕਸਰ ਖੇਡ ਸਥਾਨਾਂ ਦੀ ਉਚਿਤ ਸਾਂਭ ਸੰਭਾਲ ਨਹੀ ਕੀਤੀ ਜਾ ਰਹੀ ਜਿਸ ਨਾਲ ਖਿਡਾਰੀਆਂ ਅਤੇ ਬੱਚਿਆਂ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਖੇਡ ਅਧਿਕਾਰੀਆਂ ਨੂੰ ਤਾੜਨਾ ਕੀਤੀ ਖੇਡ ਮੈਦਾਨਾਂ ਦੀ ਰੋਜ਼ਾਨਾ ਨਿਗਰਾਨੀ ਕਰਕੇ ਢਿੱਲ-ਮੱਠ ਤੇ ਊਣਤਾਈਆਂ ਦੂਰ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਡਾ: ਪ੍ਰੀਤੀ ਯਾਦਵ ਨੇ ਖੇਡਾਂ ਦੇ ਮੌਜੂਦਾ ਢਾਂਚੇ ਨੂੰ ਹੋਰ ਮਜਬੂਤ ਬਣਾਉਣ ਲਈ ਜ਼ਿਲ੍ਹਾ ਪੱਧਰ ’ਤੇ ਇੱਕ ਜ਼ਿਲ੍ਹਾ ਸਪੋਰਟਸ ਸੁਸਾਇਟੀ ਬਣਾਉਣ ਦਾ ਵੀ ਫੈਸਲਾ ਕੀਤਾ, ਇਸ ਮੌਕੇ ਏਡੀਸੀਜ ਇਸ਼ਾ ਸਿੰਗਲ, ਅਮਰਿੰਦਰ ਸਿੰਘ ਟਿਵਾਣਾ, ਸਮੂਹ ਐੱਸਡੀਐੱਮਜ਼, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਤੇ ਕੋਚ ਮੌਜੂਦ ਸਨ।

Advertisement
×