ਮਸੀਂਗਣ ’ਚ ਪੁਲੀਸ ਵੱਲੋਂ ਭਾਜਪਾ ਆਗੂਆਂ ਦੀ ਖਿੱਚ-ਧੂਹ
ਸਨੌਰ ਦੇ ਪਿੰਡ ਮਸੀਂਗਣ ਵਿੱਚ ਭਾਜਪਾ ਵੱਲੋਂ ਹਲਕਾ ਇੰਚਾਰਜ ਬਿਕਰਮਜੀਤ ਇੰਦਰ ਸਿੰਘ ਚਹਿਲ ਅਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਦੀ ਅਗਵਾਈ ਹੇਠ ਕੇਂਦਰ ਦੀਆਂ ਭਲਾਈ ਯੋਜਨਾਵਾਂ ਬਾਰੇ ਜਾਗਰੂਕਤਾ ਕੈਂਪ ਲਾਉਣ ਤੋਂ ਰੋਕਣ ’ਤੇ ਧਰਨਾ ਦਿੱਤਾ ਗਿਆ। ਇਸ ਦੌਰਾਨ ਭਾਜਪਾ ਆਗੂਆਂ ਨੇ ਪੰਜਾਬ ਪੁਲੀਸ ਦੇ ਮੁਲਾਜ਼ਮਾਂ ’ਤੇ ਭਾਜਪਾ ਵਰਕਰਾਂ ਅਤੇ ਪਿੰਡ ਵਾਸੀਆਂ ਨਾਲ ਬਦਸਲੂਕੀ ਅਤੇ ਖਿੱਚ-ਧੂਹ ਦੇ ਦੋਸ਼ ਲਾਏ। ਇਸ ਘਟਨਾ ਸਬੰਧੀ ਜਦੋਂ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਪ੍ਰਨੀਤ ਕੌਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਧਰਨੇ ਦੌਰਾਨ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਕੈਂਪ ਪੂਰੀ ਇਜਾਜ਼ਤ ਲਗਾਇਆ ਗਿਆ ਸੀ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਰਾਜਨੀਤਿਕ ਅਸੁਰੱਖਿਆ ਕਾਰਨ ਪੁਲੀਸ ਦੁਆਰਾ ਇਸ ਨੂੰ ਜ਼ਬਰਦਸਤੀ ਬੰਦ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਪਿੰਡ ਵਾਸੀਆਂ ਅਤੇ ਭਾਜਪਾ ਦੇ ਵਰਕਰਾਂ ਨੂੰ ਡਰਾਉਣ ਲਈ ਇੱਕ ਸਿਆਸੀ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਇਸ ਮੌਕੇ ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਇਕੱਲੇ ਮਸੀਂਗਣ ਦੀ ਘਟਨਾ ਨਹੀਂ, ਸਗੋਂ ਪੂਰੇ ਪੰਜਾਬ ਵਿੱਚ ਭਾਜਪਾ ਦੇ ਕੈਂਪਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਅਤੇ ਸੀਨੀਅਰ ਆਗੂਆਂ ਨੂੰ ਵੀ ਭਲਾਈ ਸਕੀਮਾਂ ਦਾ ਪ੍ਰਚਾਰ ਕਰਨ ਲਈ ਪੁਲੀਸ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਮੌਕੇ ਘੜਾਮ ਇਕਾਈ ਦੇ ਪ੍ਰਧਾਨ ਜਸਵਿੰਦਰ ਕੁਮਾਰ, ਦੇਵੀਗੜ੍ਹ ਦੇ ਪ੍ਰਧਾਨ ਗੁਰਵਿੰਦਰ ਸਿੰਘ ਤਾਜਲਪੁਰ, ਭਾਂਖਰ ਜੱਸੀ ਗੁੱਜਰ, ਰਮੇਸ਼ ਲਾਂਬਾ, ਵਰਿੰਦਰ ਸਿੰਘ ਵਿਸਕੀ ਮਿਹੋਣ, ਬਲਕਾਰ ਸਿੰਘ, ਹਰਪਾਲ ਸਿੰਘ, ਰਿੰਕੂ ਕੁਮਾਰ, ਸੰਦੀਪ ਸ਼ਰਮਾ, ਨਿਰਮਲ ਸਿੰਘ ਮੰਗਾ, ਸੁੱਖਾ ਆਦਿ ਵੀ ਹਾਜ਼ਰ ਸਨ। ਇਸ ਮਾਮਲੇ ਸਬੰਧੀ ਜਦੋਂ ਥਾਣਾ ਡੀਐੱਸਪੀ ਦਿਹਾਤੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਥਾਣਾਂ ਜੁਲਕਾਂ ਦੀ ਪੁਲੀਸ ਨੇ ਖਿੱਚ-ਧੂਹ ਦੇ ਦੋਸ਼ ਨਕਾਰੇ
ਥਾਣਾ ਜੁਲਕਾਂ ਦੇ ਐੱਸਐੱਚਓ ਗਗਨਦੀਪ ਸਿੰਘ ਸਿੱਧੂ ਨੇ ਖਿੱਚ-ਧੂਹ ਦੇ ਦੋਸ਼ ਬਾਰੇ ਦੱਸਿਆ ਕਿ ਮਸੀਂਗਣ ’ਚ ਕੋਈ ਵੀ ਕੈਂਪ ਨਹੀਂ ਲੱਗਿਆ। ਕੁਝ ਲੋਕ ਆਏ ਸਨ ਉਹ ਸੜਕ ਕੰਢੇ ਬੈਂਕ ਕੋਲ ਬੈਠ ਕੇ ਪਿੰਡ ਵਾਸੀਆਂ ਨੂੰ ਮਿਲ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਿਸੇ ਨਾਲ ਕੋਈ ਖਿੱਚ-ਧੂਹ ਨਹੀਂ ਕੀਤੀ ਗਈ।
ਭਾਜਪਾ ਦੇ ਕੈਂਪਾਂ ਮਗਰੋਂ ਪੁਲੀਸ ਨੇ ਮੀਟਿੰਗ ਰੁਕਵਾਈ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਸ਼ੁਤਰਾਣਾ ਵਿੱਚ ਕੇਂਦਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪਿੰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਕੇਂਦਰ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਲਈ ਪ੍ਰਸ਼ਾਸਨ ਦੀ ਮਨਜ਼ੂਰੀ ਨਾ ਹੋਣ ਪਾਤੜਾਂ ਪੁਲੀਸ ਨੇ ਕੈਂਪ ਮੰਗਲਵਾਰ ਰੁਕਵਾ ਦਿੱਤੇ ਸੀ। ਅੱਜ ਕੈਂਪ ਸਬੰਧੀ ਪਾਤੜਾਂ ‘ਚ ਸ਼ਾਂਤਮਈ ਚਲਦੀ ਮੀਟਿੰਗ ਜਦੋਂ ਪੁਲੀਸ ਅਧਿਕਾਰੀਆਂ ਨੇ ਬੰਦ ਕਰਵਾਈ ਤਾਂ ਰੋਹ ਵਿੱਚ ਆਏ ਭਾਜਪਾ ਵਰਕਰਾਂ ਨੇ ਪੁਲੀਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਭਾਜਪਾ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਨੇ ਦੱਸਿਆ ਕਿ ਪਿੰਡਾਂ ਦੁਤਾਲ, ਸ਼ੁਤਰਾਣਾ, ਗੰਗਾ ਨਗਰ, ਪਾਤੜਾਂ, ਖਾਨੇਵਾਲ, ਹਰਿਆਊ ਖੁਰਦ, ਗੁਲਾੜ੍ਹ, ਦਿਓਗੜ੍ਹ ਅਤੇ ਜੋਗੇਵਾਲ ਸਮੇਤ ਕਰੀਬ 20 ਪਿੰਡਾਂ ਵਿੱਚ ਕੈਂਪ ਲਗਾਏ ਜਾ ਚੁੱਕੇ ਹਨ। ਗਰੀਬਾਂ ਨੂੰ ਸਿਹਤ ਸਹੂਲਤਾਂ ਦੇਣ ਲਈ 2500 ਤੋਂ ਵੱਧ ਆਯੁਸ਼ਮਾਨ ਕਾਰਡ ਬਣਾਉਣ, ਕਿਸਾਨ ਸਨਮਾਨ ਨਿਧੀ ਯੋਜਨਾਂ ਦੀ ਕੇਵਾਈਸੀ, ਪ੍ਰਧਾਨ ਮੰਤਰੀ ਆਵਾਸ ਯੋਜਨਾਂ ਤਹਿਤ ਮਕਾਨ ਬਣਾਉਣ ਦੇ ਫਾਰਮ ਭਰਨ ਅਤੇ ਲੜਕੀਆਂ ਨੂੰ ਸਿਲਾਈ ਮਸ਼ੀਨ ਦਿਵਾਉਣ ਦੇ ਫਾਰਮ ਭਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਦੁਪਹਿਰ ਸਮੇਂ ਪਿੰਡ ਦੁਗਾਲ ਵਿਖੇ ਕੈਂਪ ਲਗਾਉਣ ਦੀ ਤਿਆਰੀ ਕੀਤੀ ਗਈ ਸੀ। ਅਚਾਨਕ ਮੌਕੇ ਉੱਤੇ ਪਹੁੰਚੀ ਪੁਲੀਸ ਨੇ ਕੈਂਪ ਨੂੰ ਰੋਕ ਦਿੱਤਾ। ਉਨ੍ਹਾਂ ਦੋਸ਼ ਲਾਇਆ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕੇਂਦਰੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਰੋਕਣ ਦੇ ਮਕਸਦ ਨਾਲ ਕੈਂਪ ਲਗਾਉਣ ਤੋਂ ਰੋਕਿਆ ਹੈ। ਥਾਣਾ ਮੁਖੀ ਪਾਤੜਾਂ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਸੀ ਕਿ ਕੁਝ ਅਣਜਾਣ ਵਿਅਕਤੀ ਪਿੰਡ ਦੁਗਾਲ ਵਿੱਚ ਆ ਕੇ ਲੋਕਾਂ ਨੂੰ ਇਕੱਠੇ ਕਰਕੇ ਉਨਾਂ ਕੋਲੋਂ ਆਧਾਰ ਕਾਰਡ ਮੰਗ ਰਹੇ ਹਨ। ਜਦੋਂ ਪੁਲੀਸ ਨੇ ਪਿੰਡ ਪਹੁੰਚ ਕੇ ਜਾਂਚ ਕੀਤੀ ਤਾਂ ਉਕਤ ਵਿਅਕਤੀਆਂ ਕੋਲ ਕੈਂਪ ਲਾਉਣ ਸਬੰਧੀ ਕੋਈ ਮਨਜ਼ੂਰੀ ਨਹੀਂ ਸੀ। ਉਨ੍ਹਾਂ ਨੂੰ ਕੈਂਪ ਲਗਾਉਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਂਪ ਲਗਾਉਣ ਦੀ ਮਨਜ਼ੂਰੀ ਲੈ ਕੇ ਆਉਣ ਵਾਲਿਆਂ ਨੂੰ ਬਕਾਇਦਾ ਸੁਰੱਖਿਆ ਦਿੱਤੀ ਜਾਵੇਗੀ।