ਪੁਲੀਸ ਨੇ ਭਾਜਪਾ ਦੇ ਹਲਕਾ ਇੰਚਾਰਜ ਜੱਗਾ ਨੂੰ ਹਿਰਾਸਤ ’ਚ ਲਿਆ
ਪੁਲੀਸ ਨੇ ਐੱਸਐੱਚਓ ਸਿਟੀ ਕਿਰਪਾਲ ਸਿੰਘ ਮੋਹੀ ਦੀ ਅਗਵਾਈ ਹੇਠ ਭਾਜਪਾ ਦੇ ਹਲਕਾ ਇੰਚਾਰਜ ਅਤੇ ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਨੂੰ ਬਜ਼ੁਰਗ ਔਰਤਾਂ ਨੂੰ ਪੈਨਸ਼ਨ ਵੰਡਣ ਮੌਕੇ ਹਿਰਾਸਤ ਵਿੱਚ ਲੈ ਲਿਆ ਅਤੇ ਲਗਪਗ ਢਾਈ ਘੰਟਿਆਂ ਬਾਅਦ ਛੱਡ ਦਿੱਤਾ ਗਿਆ। ਜਦੋਂ ਕਿ ਪੁਲੀਸ ਦਾ ਕਹਿਣਾ ਹੈ ਕਿ ਜੱਗਾ ਕੋਲ ਪੈਨਸ਼ਨ ਵੰਡਣ ਦੇ ਸਮਾਗਮ ਸਬੰਧੀ ਕੋਈ ਅਗਾਊਂ ਮਨਜ਼ੂਰੀ ਨਹੀਂ ਲਈ ਗਈ। ਜਾਣਕਾਰੀ ਅਨੁਸਾਰ ਕੱਲ੍ਹ ਵੀ ਜਗਦੀਸ਼ ਕੁਮਾਰ ਜੱਗਾ ਨੂੰ ਪੁਲੀਸ ਨੇ ਪੈਨਸ਼ਨ ਵੰਡਣ ਤੋਂ ਰੋਕ ਦਿੱਤਾ ਸੀ। ਅੱਜ ਜਦੋਂ ਉਨ੍ਹਾਂ ਨੇ ਪੈਨਸ਼ਨ ਵੰਡਣ ਦਾ ਸਮਾਗਮ ਸ਼ੁਰੂ ਕੀਤਾ ਤਾਂ ਭਾਰੀ ਗਿਣਤੀ ਵਿੱਚ ਆਈ ਪੁਲੀਸ ਫੋਰਸ ਨੇ ਉਨ੍ਹਾਂ ਦੇ ਦਫ਼ਤਰ ਨੂੰ ਘੇਰ ਲਿਆ ਅਤੇ ਜੱਗਾ ਨੂੰ ਥਾਣੇ ਲੈ ਗਏ।
ਇਸ ਮੌਕੇ ਹਾਜ਼ਰ ਲੋਕਾਂ ਅਤੇ ਬਜ਼ੁਰਗ ਔਰਤਾਂ ਨੇ ਪੰਜਾਬ ਸਰਕਾਰ ਦੀ ਕਾਰਵਾਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਗਦੀਸ਼ ਕੁਮਾਰ ਜੱਗਾ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ 1500 ਬਜ਼ੁਰਗ ਔਰਤਾਂ ਨੂੰ ਪੈਨਸ਼ਨ ਤਕਸੀਮ ਕਰਦਾ ਆ ਰਿਹਾ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਪੈਨਸ਼ਨ ਵੰਡਣ ਸਬੰਧੀ ਮਨਜ਼ੂਰੀ ਪੱਤਰ ਦਿਖਾਉਣ ਦੀ ਮੰਗ ਕੀਤੀ। ਸ੍ਰੀ ਜੱਗਾ ਨੇ ਦਲੀਲ ਦਿੱਤੀ ਕਿ ਪੈਨਸ਼ਨ ਵੰਡਣ ਦਾ ਪ੍ਰੋਗਰਾਮ ਉਨ੍ਹਾਂ ਦਾ ਨਿੱਜੀ ਪ੍ਰੋਗਰਾਮ ਹੈ ਨਾ ਕਿ ਸਿਆਸੀ ਜਿਸ ਦਾ ਮਨਜ਼ੂਰੀ ਨਾਲ ਕੋਈ ਲੈਣ ਦੇਣ ਨਹੀਂ ਹੈ। ਇਹ ਪੈਨਸ਼ਨ ਉਹ ਆਪਣੀ ਨਿੱਜੀ ਕਿਰਤ ਕਮਾਈ ਵਿਚੋਂ ਵੰਡਦੇ ਹਨ ਪਰ ਸੂਬਾ ਸਰਕਾਰ ਬੁਖਲਾਹਟ ਵਿਚ ਆ ਕੇ ਇਸ ਨੂੰ ਭਾਜਪਾ ਪਾਰਟੀ ਦਾ ਪ੍ਰੋਗਰਾਮ ਸਮਝ ਰਹੀ ਹੈ। ਥਾਣੇ ਵਿਚੋਂ ਆਉਣ ਤੋਂ ਬਾਅਦ ਜੱਗਾ ਨੇ ਬਜ਼ੁਰਗ ਔਰਤਾਂ ਨੂੰ ਪੈਨਸ਼ਨ ਤਕਸੀਮ ਕੀਤੀ ਅਤੇ ਹੋਈ ਅਸੁਵਿਧਾ ਲਈ ਮੁਆਫ਼ੀ ਮੰਗੀ। ਐੱਸਡੀਐੱਮ ਅਵਿਕੇਸ਼ ਗੁਪਤਾ ਨੇ ਕਿਹਾ ਕਿ ਉਝ ਤਾਂ ਚਾਰਦੀਵਾਰੀ ਅੰਦਰ ਇਕੱਠ ਕਰਨ ਦੀ ਮਨਜ਼ੂਰੀ ਲੈਣੀ ਜ਼ਰੂਰੀ ਨਹੀਂ ਪਰ ਜੇਕਰ ਸਪੀਕਰ ਲਗਾਉਣਾ ਹੋਵੇ ਤਾਂ ਮਨਜ਼ੂਰੀ ਲੈਣੀ ਬਣਦੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਧਾਰਾ 144 ਲੱਗੀ ਹੋਵੇ ਤਾਂ ਫਿਰ ਇਕੱਠ ਕਰਨ ਦੀ ਵੀ ਮਨਜ਼ੂਰੀ ਲੈਣੀ ਜ਼ਰੂਰੀ ਹੈ। ਥਾਣਾ ਸਿੱਟੀ ਦੇ ਐੱਸਐੱਚਓ ਕਿਰਪਾਲ ਸਿੰਘ ਮੋਹੀ ਨੇ ਭਾਜਪਾ ਆਗੂ ਦੀ ਗ੍ਰਿਫ਼ਤਾਰੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਜੱਗਾ ਤੋਂ ਸਿਰਫ਼ ਸਾਊਂਡ ਸਿਸਟਮ ਅਤੇ ਇਕੱਠ ਕਰਨ ਦੀ ਮਨਜ਼ੂਰੀ ਦੀ ਕਾਪੀ ਮੰਗੀ ਸੀ ਅਤੇ ਜੱਗਾ ਨੇ ਕਿਹਾ ਕਿ ਉਹ ਕਸਤੂਰਬਾ ਚੌਕੀ ਵਿੱਚ ਆ ਕੇ ਮਨਜ਼ੂਰੀ ਦਿਖਾ ਦਿੰਦੇ ਹਨ।