ਵਿਰਸਾ ਵਿਹਾਰ ਕੇਂਦਰ ’ਚ ਨਾਟਕ ‘ਸੁੰਨਾ ਵਿਹੜਾ’ ਖੇਡਿਆ
ਨੌਰਥ ਜ਼ੋਨ ਕਲਚਰਲਰ ਸੈਂਟਰ ਪਟਿਆਲਾ ਵੱਲੋਂ ਕੇਂਦਰ ਦੇ ਨਿਰਦੇਸ਼ਕ ਜਨਾਬ ਐੱਮ ਫੁਰਖਾਨ ਖ਼ਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਰੰਗ ਮੰਚ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਰ ਮਹੀਨੇ ਦੇ ਦੂਸਰੇ ਸ਼ਨਿਚਰਵਾਰ ਕਰਵਾਏ ਜਾਣ ਵਾਲੇ ਨਾਟਕਾਂ ਦੀ ਲੜੀ ਦਾ ਆਗਾਜ਼ ਸੰਜੀਵਨ ਸਿੰਘ ਦੇ ਲਿਖੇ ਅਤੇ ਨਿਰਦੇਸ਼ਤ ਕੀਤੇ ਪੰਜਾਬੀ ਨਾਟਕ ‘ਸੁੰਨਾ ਵਿਹੜਾ’ ਦੇ ਨਾਲ ਹੋ ਗਿਆ ਹੈ। ਨਾਟਕ ‘ਸੁੰਨਾ ਵਿਹੜਾ’ ਦਾ ਮੰਚਨ ਕਾਲੀ ਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿੱਚ ਕੀਤਾ ਗਿਆ।
ਪੇਂਡੂ ਪੰਜਾਬੀ ਖ਼ੁਸ਼ਹਾਲ ਕਿਸਾਨ ਪਰਿਵਾਰ ਦੇ ਬੇ-ਔਲਾਦ ਜੋੜੇ ਦੀ ਮਾਨਸਿਕ ਅਤੇ ਸਮਾਜਿਕ ਸਥਿਤੀ ਨੂੰ ਬਿਆਨ ਕਰਦਾ ਇਹ ਨਾਟਕ ਇੱਕ ਅਜਿਹੇ ਪਰਿਵਾਰ ਦੀ ਬਾਤ ਪਾਉਂਦਾ ਹੈ ਜੋ ਹਰ ਸੁੱਖ ਸੁਵਿਧਾ ਅਤੇ ਸਮਾਜਿਕ ਰੁਤਬੇ ਦੇ ਬਾਵਜੂਦ ਔਲਾਦ ਦੀ ਘਾਟ ਪੂਰਾ ਕਰਨ ਲਈ ਯਤੀਮ ਨੂੰ ਪੁੱਤਾ ਵਾਂਗ ਪਾਲ ਕੇ ਪੜ੍ਹਾ ਲਿਖਾ ਕੇ ਵਿਆਹ ਦੀਆਂ ਖ਼ੁਸ਼ੀਆਂ ਮਨਾਉਣ ਦੇ ਬਾਵਜੂਦ ਵੀ ਬਾਅਦ ਵਿੱਚ ਨਿਰਾਸ਼ਾ ਹੀ ਹੱਥ ਲੱਗਦੀ ਹੈ ਜਿਸ ਕਾਰਨ ਔਲਾਦ ਦੀ ਖ਼ੁਸ਼ੀ ਬਰਦਾਸ਼ਤ ਨਾ ਹੋਣ ਕਰਕੇ ਨੂੰਹ ਦੀ ਮੌਤ ਅਤੇ ਸਦਮੇ ਕਾਰਨ ਪੁੱਤ ਦੀ ਮੌਤ ਤੋਂ ਬਾਅਦ ਵੀ ਵਿਹੜਾ ਸੁੰਨਾ ਹੋ ਜਾਂਦਾ ਹੈ।
ਨਾਟਕ ਵਿਚਲੇ ਪਾਤਰਾਂ ਨੂੰ ਕਮਲ ਸ਼ਰਮਾ, ਗੁਰਨਾਮ ਕੌਰ, ਸੁਖਚੈਨ, ਕਰਮਜੀਤ, ਹਰਮਨ ਸਿੰਘ, ਗੁਰਵਿੰਦਰ ਵੈਦਵਾਨ, ਗੋਮਤੀ, ਆਭਿਰ, ਹਰਜਿੰਦਰ, ਹਰਇੰਦਰ, ਮਨੀ, ਅਜ਼ਲ ਅਤੇ ਪ੍ਰਵਲੀਨ ਕੌਰ ਨੇ ਬਾਖ਼ੂਬੀ ਨਿਭਾਇਆ। ਨਾਟਕ ਦੇ ਪਿਛੋਕੜ ਵਿੱਚ ਸੰਗੀਤ ਪ੍ਰਬੰਧਨ ਲਈ ਕੁੱਕੂ ਦੀਵਾਨ, ਸੰਗੀਤ ਸੰਚਾਲਨ ਲਈ ਰਿਸ਼ਮ ਰਾਜ ਸਿੰਘ ਅਤੇ ਗਾਇਨ ਲਈ ਗੁੰਜਨਦੀਪ ਅਤੇ ਗੁਰਮਨ ਦੀਪ ਦੇ ਨਾਲ ਨਾਲ ਰਜੀਵਨ ਸਿੰਘ ਦੇ ਰੋਸ਼ਨੀ ਪ੍ਰਬੰਧ ਅਤੇ ਵਿੱਕੀ ਮਾਰਤਿਆ ਦੇ ਰੂਪ ਸੱਜਾ ਨੇ ਵੀ ਨਾਟਕ ਨੂੰ ਸਫਲ ਬਣਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਦਿੱਤਾ। ਦਰਸ਼ਕਾਂ ਵੱਲੋਂ ਨਾਟਕ ਖੇਡਣ ਵਾਲੀ ਟੀਮ ਦੀ ਸ਼ਾਨਦਾਰ ਪੇਸ਼ਕਾਰੀ ਲਈ ਸ਼ਲਾਘਾ ਕੀਤੀ ਗਈ।