ਰਾਜਿੰਦਰਾ ਹਸਪਤਾਲ ’ਚ ਮਿਲਣਗੀਆਂ ਪੀਜੀਆਈ ਵਰਗੀਆਂ ਸਹੂਲਤਾਂ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦਾ ਦੌਰਾ ਕਰ ਕੇ ਦਾਖਲ ਮਰੀਜ਼ਾਂ ਤੇ ਓਪੀਡੀ ’ਚ ਦਵਾਈ ਲੈਣ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਹਸਪਤਾਲ ’ਚ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਫੀਡਬੈਕ ਲਈ। ਇਸ ਮੌਕੇ ਉਨ੍ਹਾਂ ਪਿਛਲੇ ਦਿਨੀਂ ਹਸਪਤਾਲ ’ਚ ਦਾਖਲ ਮਰੀਜ਼ ਨਾਲ ਬਾਹਰੀ ਲੋਕਾਂ ਵੱਲੋਂ ਕੀਤੇ ਝਗੜੇ ਦਾ ਗੰਭੀਰ ਨੋਟਿਸ ਲੈਂਦਿਆਂ ਸਖ਼ਤ ਸ਼ਬਦਾਂ ’ਚ ਕਿਹਾ ਕਿ ਹਸਪਤਾਲ ’ਚ ਕਿਸੇ ਵੀ ਤਰ੍ਹਾਂ ਦੇ ਲੜਾਈ-ਝਗੜੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੋਏ ਝਗੜੇ ਦੇ ਕਥਿਤ ਦੋਸ਼ੀਆਂ ਨੂੰ ਹਸਪਤਾਲ ਤੇ ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਹੋਰ ਵੀ ਵੱਡੇ ਪੱਧਰ ’ਤੇ ਸੁਧਾਰ ਕਰ ਕੇ ਪੀਜੀਆਈ ਦੇ ਮੇਚ ਦੀਆਂ ਸਹੂਲਤਾਂ ਦੇਣ ਦੇ ਯੋਗ ਬਣਾਇਆ ਜਾਵੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਸਪਤਾਲ ਅੰਦਰ ਉੱਚੀ ਆਵਾਜ਼ ’ਚ ਬੋਲਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ਪਰ ਕੁਝ ਲੋਕਾਂ ਵੱਲੋਂ ਲੜਾਈ ਝਗੜਾ ਕਰਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਅਜਿਹੇ ਲੋਕ ਮਾਹੌਲ ਖ਼ਰਾਬ ਕਰਕੇ ਹਸਪਤਾਲ ਤੋਂ ਬਾਹਰ ਨਹੀਂ ਸਗੋਂ ਸਿੱਧੇ ਜੇਲ੍ਹ ਜਾਣਗੇ। ਇਸ ਮੌਕੇ ਸਿਹਤ ਮੰਤਰੀ ਨੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਐਮਰਜੈਂਸੀ ਸਮੇਤ ਵੱਖ ਵੱਖ ਵਾਰਡਾਂ ਦਾ ਦੌਰਾ ਕਰ ਕੇ ਦਾਖਲ ਮਰੀਜ਼ਾਂ ਪਾਸੋਂ ਹਸਪਤਾਲ ’ਚ ਮਿਲੀ ਰਹੀਆਂ ਸਿਹਤ ਸਹੂਲਤਾਂ ਬਾਬਤ ਫੀਡਬੈਕ ਲੈਂਦਿਆਂ ਦੱਸਿਆ ਕਿ ਹਸਪਤਾਲ ’ਚ ਦਾਖਲ ਮਰੀਜ਼ਾਂ ਨੂੰ ਦਵਾਈਆਂ ਹਸਪਤਾਲ ਤੋਂ ਹੀ ਦਿੱਤੀਆਂ ਜਾ ਰਹੀਆਂ ਹਨ ਤੇ ਜੇਕਰ ਕਿਸੇ ਨੂੰ ਕੋਈ ਦਵਾਈ ਬਾਹਰ ਤੋਂ ਲਿਆਉਣ ਲਈ ਕਹਿੰਦਾ ਹੈ ਤਾਂ ਇਸ ਦੀ ਸੂਚਨਾ ਮੈਡੀਕਲ ਸੁਪਰਡੈਂਟ ਜਾ ਫੇਰ ਸਿੱਧੇ ਤੌਰ ’ਤੇ ਸਿਹਤ ਮੰਤਰੀ ਨੂੰ ਵੀ ਦਿੱਤੀ ਜਾ ਸਕਦੀ ਹੈ। ਡਾ. ਬਲਬੀਰ ਸਿੰਘ ਨੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਓਪੀਡੀ ਦਾ ਦੌਰਾ ਕਰਦਿਆਂ ਦੱਸਿਆ ਕਿ ਹੁਣ ਓਪੀਡੀ ਦੀ ਰਜਿਸਟਰੇਸ਼ਨ ਲਈ ਕਾਊਂਟਰ ਦੇ ਨਾਲ ਟਾਈਮਰ ਲੱਗੇ ਹਨ ਤੇ ਮਰੀਜ਼ਾਂ ਦੇ ਬੈਠਣ ਲਈ ਕੁਰਸੀਆਂ, ਪਾਣੀ ਤੇ ਬਾਥਰੂਮ ਦੀ ਸਹੂਲਤ ਸਮੇਤ ਹੁਣ ਆਪਣੀ ਵਾਰੀ ਲਈ ਮਰੀਜ਼ਾਂ ਨੂੰ ਲੰਮੀਆਂ ਲਾਈਨਾਂ ’ਚ ਨਹੀਂ ਲੱਗਣਾ ਪੈਦਾ ਸਗੋਂ ਵਾਰੀ ਨਾਲ ਉਹ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਮੌਕੇ ਡਾ. ਆਰਪੀਐੱਸ ਸਿਬੀਆ, ਡਾ. ਵਿਸ਼ਾਲ ਚੋਪੜਾ ਸਮੇਤ ਹੋਰ ਡਾਕਟਰ ਵੀ ਮੌਜੂਦ ਸਨ।
‘ਨਸ਼ਾ ਇੱਕ ਵਿਅਕਤੀ ਨੂੰ ਨਹੀਂ ਸਗੋਂ ਸਾਰੇ ਪਰਿਵਾਰ ਨੂੰ ਬਰਬਾਦ ਕਰ ਦਿੰਦੈ’
ਪਟਿਆਲਾ (ਪੱਤਰ ਪ੍ਰੇਰਕ): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਮੁਕਤੀ ਯਾਤਰਾ ਦੌਰਾਨ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਇੱਕ ਵਿਅਕਤੀ ਨੂੰ ਹੀ ਨਹੀਂ ਸਗੋਂ ਉਸ ਦੇ ਪੂਰੇ ਘਰ ਨੂੰ ਬਰਬਾਦ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵਿੱਚ ਜੇਕਰ ਇੱਕ ਵਿਅਕਤੀ ਵੀ ਨਸ਼ਾ ਕਰਦਾ ਹੈ ਤਾਂ ਇਸ ਦਾ ਖ਼ਮਿਆਜ਼ਾ ਪੂਰੇ ਪਰਿਵਾਰ ਨੂੰ ਸਮਾਜਿਕ ਤੇ ਆਰਥਿਕ ਰੂਪ ਵਿੱਚ ਭੁਗਤਣਾ ਪੈਦਾ ਹੈ। ਪਟਿਆਲਾ ਦਿਹਾਤੀ ਹਲਕੇ ਦੇ ਵਾਰਡ ਨੰਬਰ 7, 8, 9, 10, 11, 12 ਅਤੇ 13 ਦੇ ਵਸਨੀਕਾਂ ਨੂੰ ਨਸ਼ਿਆਂ ਦੇ ਖ਼ਾਤਮੇ ਵਿਰੁੱਧ ਲਾਮਬੰਦ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਦਲਦਲ ’ ਫਸ ਕੇ ਕੁਰਾਹੇ ਪਏ ਵਿਅਕਤੀਆਂ ਨੂੰ ਸਿੱਧੇ ਰਾਹ ਪਾਉਣ ਲਈ ਸਾਂਝੇ ਯਤਨਾਂ ਦੀ ਲੋੜ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਹੁਣ ਲੋਕ ਲਹਿਰ ਵਿੱਚ ਬਦਲ ਰਹੀ ਹੈ ਅਤੇ ਨਸ਼ਿਆਂ ਵਿਰੁੱਧ ਇਸ ਲੜਾਈ ਦਾ ਸਮਰਥਨ ਕਰਨਾ ਹਰ ਕਿਸੇ ਦਾ ਨੈਤਿਕ ਫ਼ਰਜ਼ ਵੀ ਹੈ। ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੇ ਮਾਲਵਾ ਜ਼ੋਨ ਦੇ ਕੋ-ਆਰਡੀਨੇਟਰ ਜਗਦੀਪ ਜੱਗਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਇਹ ਲੜਾਈ ਹੁਣ ਲੋਕ ਲਹਿਰ ਬਣ ਚੁੱਕੀ ਹੈ ਤੇ ਲੋਕ ਇਸ ਦਾ ਹਿੱਸਾ ਬਣ ਕੇ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਅੱਗੇ ਆ ਰਹੇ ਹਨ। ਇਸ ਮੌਕੇ ਐੱਸਡੀਐੱਮ ਪਟਿਆਲਾ ਹਰਜੋਤ ਕੌਰ, ਡੀਐੱਸਪੀ ਮਨੋਜ ਗੋਰਸੀ, ਡਿਪਟੀ ਮੇਅਰ ਜਗਦੀਪ ਜੱਗਾ, ਸੁਰਜੀਤ ਸਿੰਘ ਅਬਲੋਵਾਲ, ਕੌਂਸਲਰ ਜਸਵੀਰ ਗਾਂਧੀ ਆਦਿ ਮੌਜੂਦ ਸਨ।