‘ਆਪ’ ਵਿੱਚ ਸ਼ਾਮਲ ਹੋਣ ਲੱਗੇ ਲੋਕ: ਬਾਜ਼ੀਗਰ
ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਅਗਵਾਈ ਹੇਠ ਕਸਬਾ ਘੱਗਾ ਵਿਚੋਂ ਭਾਜਪਾ ਦੇ ਸੀਨੀਅਰ ਵਰਕਰ ਗੁਰਬਖਸ਼ ਸਿੰਘ ਪੰਨੂ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਹਲਕਾ ਸ਼ੁਤਰਾਣਾ ਵਿਚ ਹੋ ਰਹੇ ਵਿਕਾਸ ਕਾਰਜਾਂ ਤੋਂ ਹਰ ਵਰਗ ਸੰਤੁਸ਼ਟ ਹੈ ਜਿਨ੍ਹਾਂ ਦਾ ਪਾਰਟੀ ਵਿਚ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੇ ਵੇਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਪੰਜਾਬ ਹਿਤੈਸ਼ੀ ਹਨ, ਜਿਸ ਤੋਂ ਪ੍ਰਭਾਵਿਤ ਹੋ ਕੇ ਹੋਰਨਾਂ ਪਾਰਟੀਆਂ ਦੇ ਆਗੂ ਅਤੇ ਵਰਕਰ ਧੜਾ ਧੜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾ ਵਿਚ ਜੋ ਕੰਮ ਪਿਛਲੇ 70 ਸਾਲਾਂ ਤੋਂ ਲਟਕਦੇ ਆ ਰਹੇ ਸਨ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ ਪੱਧਰ ’ਤੇ ਨੇਪਰੇ ਚਾੜ੍ਹੇ ਹਨ। ਇਸ ਮੌਕੇ ਟਰੱਕ ਯੂਨੀਅਨ ਪਾਤੜਾਂ ਦੇ ਪ੍ਰਧਾਨ ਰਣਜੀਤ ਸਿੰਘ ਵਿਰਕ, ਚਮਕੌਰ ਸਿੰਘ ਨਾੜੂ, ਕੁਲਦੀਪ ਸਿੰਘ ਥਿੰਦ, ਨਗਰ ਪੰਚਾਇਤ ਘੱਗਾ ਦੇ ਪ੍ਰਧਾਨ ਮਿੱਠੂ ਸਿੰਘ, ਸੀਨੀਅਰ ਮੀਤ ਪ੍ਰਧਾਨ ਸ਼ਕਤੀ ਗੋਇਲ, ਮੀਤ ਪ੍ਰਧਾਨ ਜੱਸ ਘੱਗਾ, ਗੁਰੀ ਘੱਗਾ ਤੇ ਮਹਿੰਗਾ ਬਰਾੜ ਆਦਿ ਹਾਜ਼ਰ ਸਨ।