ਨਗਰ ਕੌਂਸਲ ਦਫ਼ਤਰ ਵਿੱਚ ਘਰਾਂ ਦਾ ਕੂੜਾ ਲੈ ਕੇ ਪਹੁੰਚੇ ਲੋਕ
ਇੱਥੇ ਸਿਆਸੀ ਬਦਲਾਖੋਰੀ ਦਾ ਦੋਸ਼ ਲਾਉਂਦੇ ਹੋਏ ਵਾਰਡ ਨੰਬਰ-2 ਦੇ ਕੌਂਸਲਰ ਅਤੇ ਸਾਬਕਾ ਕੌਂਸਲ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਅੱਜ ਮੁਹੱਲਾ ਵਾਸੀਆਂ ਨਾਲ ਨਗਰ ਕੌਂਸਲ ਦਫ਼ਤਰ ਪਹੁੰਚੇ। ਇਸ ਦੌਰਾਨ ਮੁਹੱਲਾ ਵਾਸੀਆਂ ਨੇ ਹੱਥਾਂ ਵਿੱਚ ਕੂੜੇ ਨਾਲ ਭਰੇ ਕੂੜੇਦਾਨ ਚੁੱਕੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮੁਹੱਲੇ ਵਿੱਚ ਕੂੜਾ ਚੁੱਕਣ ਵਾਲੀ ਗੱਡੀ ਦਾ ਆਉਣਾ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਉਹ ਕੂੜੇਦਾਨ ਲੈਕੇ ਕੌਂਸਲ ਦਫ਼ਤਰ ਆਏ ਹਨ। ਗੋਲੂ ਨੇ ਦਾਅਵਾ ਕੀਤਾ ਕਿ ਉਸ ਦੇ ਵੱਲੋਂ ਰਿਆਸਤੀ ਕਿਲੇ ’ਚ ਕੂੜਾ ਸੁੱਟਣ ਖ਼ਿਲਾਫ਼ ਆਵਾਜ਼ ਚੁੱਕਣ ਦੇ ਬਦਲੇ ਉਸ ਦੇ ਵਾਰਡ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਜ ਤਕਰੀਬਨ 25-30 ਵਾਰਡ ਵਾਸੀ, ਜਿਨ੍ਹਾਂ ’ਚ ਜ਼ਿਆਦਾਤਰ ਔਰਤਾਂ ਸਨ, ਉਨ੍ਹਾਂ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ (ਈਓ) ਗੁਰਚਰਨ ਸਿੰਘ ਦੇ ਦਫ਼ਤਰ ਦੇ ਬਾਹਰ ਕੂੜੇਦਾਨ ਲੈਕੇ ਖੜ੍ਹੇ ਹੋ ਗਏ। ਈਓ ਨੇ ਕੂੜੇਦਾਨ ਬਾਹਰ ਰੱਖਵਾ ਕੇ ਉਨ੍ਹਾਂ ਨੂੰ ਦਫਤਰ ਦੇ ਅੰਦਰ ਬੁਲਾ ਕੇ ਸ਼ਿਕਾਇਤਾਂ ਸੁਣੀਆਂ ਤੇ ਉਨ੍ਹਾਂ ਨੂੰ ਦੱਸਿਆ ਕਿ ਕੂੜਾ ਚੁੱਕਣ ਵਾਲੀਆਂ ਚਾਰ ਈ-ਰਿਕਸ਼ਾ ਖਰਾਬ ਹਨ।
ਉਨ੍ਹਾਂ ਕਿਹਾ ਕਿ ਇਸ ਵਾਰਡ ਵਿੱਚ ਸਭ ਤੋਂ ਵੱਧ ਸਫਾਈ ਸੇਵਕ ਦਿੱਤੇ ਹੋਏ ਹਨ ਜਿਸ ਕਾਰਨ ਕੂੜੇ ਦੀ ਸਮੱਸਿਆ ਤਾਂ ਨਹੀਂ ਆ ਸਕਦੀ। ਪਰ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਘਰਾਂ ’ਚੋਂ ਕੂੜਾ ਚੁੱਕਿਆ ਨਹੀਂ ਜਾ ਰਿਹਾ। ਇਸ ਮੌਕੇ ਲੋਕਾਂ ਨੇ ਕਿਹਾ ਕਿ ਵਾਰਡ ਵਿੱਚ ਈ-ਰਿਕਸ਼ਾ ਸ਼ੁਰੂ ਨਾ ਕਰਨ ’ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਨੇ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੌਂਸਲ ਕੋਲ 10 ਈ-ਰਿਕਸ਼ਾ ਹਨ ਤੇ 23 ਵਾਰਡ ਹਨ ਜਿਸ ਕਾਰਨ ਲੋੜ ਅਨੁਸਾਰ ਹੀ ਈ-ਰਿਕਸ਼ਾ ਕੂੜਾ ਚੁੱਕਣ ਜਾਂਦੀ ਹੈ। ਇਨ੍ਹਾਂ ਦੇ ਵਾਰਡ ਵਿੱਚ 9 ਸਫਾਈ ਸੇਵਕ ਹਨ। ਜਦਕਿ ਜਿਹੜੇ ਵਾਰਡ ਵਿੱਚ ਇੱਕ ਸਫਾਈ ਸੇਵਕ ਵੀ ਨਹੀਂ, ਉਥੇ ਈ-ਰਿਕਸ਼ਾ ਪਹਿਲਾਂ ਜਾਵੇਗੀ।