ਸ਼ਾਹੀ ਸ਼ਹਿਰ ਪਟਿਆਲਾ ਵਿੱਚ 25 ਨਵੰਬਰ ਤੋਂ 1 ਦਸੰਬਰ ਤੱਕ ਨੈਸ਼ਨਲ ਥੀਏਟਰ ਫ਼ੈਸਟੀਵਲ ਹੋਣ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਦੇ ਨਾਮੀ ਰੰਗਕਰਮੀ ਕਲਾਕਾਰ ਪਹੁੰਚ ਰਹੇ ਹਨ। ਕਲਾਕ੍ਰਿਤੀ ਪਟਿਆਲਾ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਇਹ ਸਮਾਗਮ ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ, ਨੇੜੇ ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ ਵਿਚ ਕਰਵਾਇਆ ਜਾ ਰਿਹਾ ਹੈ।
ਇਸ ਫੈਸਟੀਵਲ ਬਾਰੇ ਮਸ਼ਹੂਰ ਰੰਗਕਰਮੀ ਪਰਮਿੰਦਰ ਪਾਲ ਕੌਰ ਦੱਸਿਆ ਕਿ ਹਰ ਰੋਜ਼ ਸ਼ਾਮ 6 ਵਜੇ ਸ਼ੁਰੂ ਹੋਣ ਵਾਲੇ ਇਸ ਨਾਟਕ ਮੇਲੇ ਨੂੰ ਬਿਲਕੁਲ ਮੁਫ਼ਤ ਦੇਖਿਆ ਜਾ ਸਕੇਗਾ। ਇਸ ਫੈਸਟੀਵਲ ਵਿੱਚ 25 ਨਵੰਬਰ ਨੂੰ ‘ਹਿੰਦ ਦੀ ਚਾਦਰ’ ਨਾਟਕ ਨਾਲ ਸ਼ੁਰੂਆਤ ਹੋਵੇਗੀ, 26 ਨਵੰਬਰ ਨੂੰ ਪ੍ਰਸੰਗਕ ਦਿੱਲੀ ਗਰੁੱਪ ਵੱਲੋਂ ਆਲੋਕ ਸ਼ੁਕਲਾ ਵੱਲੋਂ ਲਿਖਿਤ ਅਤੇ ਨਿਰਦੇਸ਼ਿਤ ਨਾਟਕ ‘ਅਜੀਬ ਬਸਤੀ’ ਦਾ ਮੰਚਨ ਕੀਤਾ ਜਾਵੇਗਾ, 27 ਨਵੰਬਰ ਨੂੰ ਕਲਾਕ੍ਰਿਤੀ ਪਟਿਆਲਾ ਰੰਗਮੰਚ ਗਰੁੱਪ ਵੱਲੋਂ ਡਾਕਟਰ ਕੁਲਦੀਪ ਸਿੰਘ ਦੀਪ ਵੱਲੋਂ ਲਿਖਿਤ ਅਤੇ ਪਰਮਿੰਦਰ ਪਾਲ ਕੌਰ ਵੱਲੋਂ ਨਿਰਦੇਸ਼ਤ ਨਾਟਕ ‘ਛੱਲਾ’ ਦਾ ਮੰਚਨ ਹੋਵੇਗਾ। 28 ਨਵੰਬਰ ਨੂੰ ਵਾਸਤੂ ਸਾਂਸਕ੍ਰਿਤਿਕ ਤੇ ਸਮਾਜਿਕ ਸੰਸਥਾ ਕਾਨਪੁਰ (ਉੱਤਰ ਪ੍ਰਦੇਸ਼) ਦੇ ਕਲਾਕਾਰਾਂ ਵੱਲੋਂ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖਿਤ ਅਤੇ ਪ੍ਰਵੀਨ ਅਰੋੜਾ ਵੱਲੋਂ ਨਿਰਦੇਸ਼ਤ ਹਿੰਦੀ ਨਾਟਕ ‘ਤੁਮੇ ਕੌਣਸਾ ਰੰਗ ਪਸੰਦ ਹੈ’ ਦਾ ਮੰਚਨ ਕੀਤਾ ਜਾਵੇਗਾ। 30 ਨਵੰਬਰ ਨੂੰ ਰੰਗ ਸੰਸਕਾਰ ਥੀਏਟਰ ਗਰੁੱਪ ਅਲਵਰ (ਰਾਜਸਥਾਨ) ਦੇ ਕਲਾਕਾਰਾਂ ਵੱਲੋਂ ਸ਼ਹਾਦਤ ਹਸਨ ਮੰਟੋ ਵੱਲੋਂ ਲਿਖਿਤ ਅਤੇ ਅਸਦਰ ਅਲੀ ਵੱਲੋਂ ਨਿਰਦੇਸ਼ਤ ਹਿੰਦੀ ਨਾਟਕ ‘ਬਾਦਸ਼ਾਹਤ ਕਾ ਖ਼ਾਤਮਾ’ ਦਾ ਮੰਚਨ ਕੀਤਾ ਜਾਵੇਗਾ। 1 ਦਸੰਬਰ ਨੂੰ ਅਨੁਕ੍ਰਿਤੀ ਕਾਨਪੁਰ (ਉੱਤਰ ਪ੍ਰਦੇਸ਼) ਦੇ ਕਲਾਕਾਰਾਂ ਵੱਲੋਂ ਅਸ਼ੋਕ ਸਿੰਘ ਵੱਲੋਂ ਲਿਖਿਤ ਅਤੇ ਡਾਕਟਰ ਉਪੇਂਦਰ ਕੁਮਾਰ ਵੱਲੋਂ ਨਿਰਦੇਸ਼ਿਤ ਨਾਟਕ ‘ਕੋਈ ਏਕ ਰਾਤ’ ਦਾ ਮੰਚਨ ਕੀਤਾ ਜਾਵੇਗਾ।

