ਪਟਿਆਲਾ: ਫੋਕਲ ਪੁਆਇੰਟ ’ਚ ਜੰਗਲ ਲਾਉਣ ਦੀ ਸ਼ੁਰੂਆਤ
ਪਟਿਆਲਾ ਸ਼ਹਿਰ ਨੂੰ ਹਰਾ-ਭਰਾ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਲੁਧਿਆਣਾ ਨੇ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਅੱਜ ਫੋਕਲ ਪੁਆਇੰਟ ਪਟਿਆਲਾ ਵਿੱਚ 3.5 ਏਕੜ ’ਚ ਬਣਾਏ ਜਾ ਰਹੇ ਸ਼ਹਿਰ ਦੇ ਪਹਿਲੇ ਤੇ ਸਭ ਤੋਂ ਵੱਡੇ...
ਪਟਿਆਲਾ ਸ਼ਹਿਰ ਨੂੰ ਹਰਾ-ਭਰਾ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਲੁਧਿਆਣਾ ਨੇ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਅੱਜ ਫੋਕਲ ਪੁਆਇੰਟ ਪਟਿਆਲਾ ਵਿੱਚ 3.5 ਏਕੜ ’ਚ ਬਣਾਏ ਜਾ ਰਹੇ ਸ਼ਹਿਰ ਦੇ ਪਹਿਲੇ ਤੇ ਸਭ ਤੋਂ ਵੱਡੇ ਮੀਆਵਾਕੀ ਜੰਗਲ ਦੀ ਬਿਜਾਈ ਸ਼ੁਰੂ ਕੀਤੀ। ਇਸ ਪ੍ਰਾਜੈਕਟ ਦਾ ਉਦਘਾਟਨ ਮੇਅਰ ਕੁੰਦਨ ਗੋਗੀਆ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸੀ ਐੱਸ ਆਰ ਮੁਖੀ ਅਮਿਤ ਧਵਨ, ਵੀ ਐੱਸ ਐੱਸ ਐੱਲ ਦੇ ਮੁਖੀ ਵਿਜੇ ਤੇ ਪ੍ਰਸ਼ਾਸਨਿਕ ਮੁਖੀ ਸਤਿੰਦਰ ਨੇ ਕੀਤਾ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਮੀਆਵਾਕੀ ਜੰਗਲ ਨਾ ਸਿਰਫ਼ ਪਟਿਆਲਾ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਕਰੇਗਾ, ਬਲਕਿ ਉਦਯੋਗਿਕ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਲਈ ਸਿਹਤਮੰਦ ਮਾਹੌਲ ਵੀ ਪ੍ਰਦਾਨ ਕਰੇਗਾ। ਵਰਧਮਾਨ ਸਪੈਸ਼ਲ ਸਟੀਲਜ਼ ਦੇ ਸੀ ਐੱਸ ਆਰ ਮੁਖੀ ਅਮਿਤ ਧਵਨ ਨੇ ਦੱਸਿਆ ਕਿ ਕੰਪਨੀ ਨੇ ਸਮਾਜਿਕ ਜ਼ਿੰਮੇਵਾਰੀ ਤਹਿਤ ਇਹ ਮਹੱਤਵਪੂਰਨ ਪ੍ਰਾਜੈਕਟ ਸ਼ੁਰੂ ਕੀਤਾ ਹੈ, ਜੋ ਪਟਿਆਲਾ ਨੂੰ ਹਰਾ-ਭਰਾ ਬਣਾਉਣ ਵੱਲ ਇੱਕ ਮਿਸਾਲੀ ਕਦਮ ਹੈ। ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ 3.5 ਏਕੜ ਵਿੱਚ 45 ਕਿਸਮਾਂ ਦੇ ਲਗਪਗ 35,000 ਪੌਦੇ ਲਗਾ ਕੇ ਇਸ ਜੰਗਲ ਨੂੰ ਵਿਕਸਤ ਕਰ ਰਿਹਾ ਹੈ। ਮੇਅਰ ਕੁੰਦਨ ਗੋਗੀਆ ਨੇ ਵਰਧਮਾਨ ਸਟੀਲਜ਼ ਦੇ ਚੇਅਰਮੈਨ ਸਚਿਤ ਜੈਨ ਦਾ ਧੰਨਵਾਦ ਕੀਤਾ। ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਗੁਪਤਾ ਨੇ ਕਿਹਾ ਕਿ ਉਦਯੋਗਿਕ ਖੇਤਰ ਦੇ ਵਸਨੀਕ ਵੀ ਇਸ ਕਾਰਜ ਨਾਲ ਜੁੜ ਕੇ ਬੂਟੇ ਲਗਾਉਣ ਵਿੱਚ ਯੋਗਦਾਨ ਪਾਉਣਗੇ।