ਪਟਿਆਲਾ: ਮੰਡੀਆਂ ’ਚ ਝੋਨੇ ਦੀ 28 ਹਜ਼ਾਰ ਮੀਟਰਿਕ ਟਨ ਆਮਦ
ਕਿਸਾਨ ਮੰਡੀਆਂ ’ਚ ਨਿਰਧਾਰਤ ਨਮੀ ਵਾਲਾ ਸੁੱਕਾ ਝੋਨਾ ਹੀ ਲਿਆਉਣ: ਡੀ ਸੀ
ਪਟਿਆਲਾ ਜ਼ਿਲ੍ਹੇ ’ਚ ਝੋਨੇ ਦੀ ਖ਼ਰੀਦ ਲਈ ਬਣਾਏ 108 ਖ਼ਰੀਦ ਕੇਂਦਰਾਂ ਵਿੱਚੋਂ 36 ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਬੀਤੇ ਦਿਨ ਤੱਕ ਪਟਿਆਲਾ ਦੀਆਂ ਮੰਡੀਆਂ ’ਚ 28 ਹਜ਼ਾਰ 46 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ 26 ਹਜ਼ਾਰ 199 ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ‘ਚ ਆਪਣੀ ਝੋਨੇ ਦੀ ਫ਼ਸਲ ਨਿਰਧਾਰਤ ਨਮੀ ਵਾਲੀ ਤੇ ਸੁਕਾ ਕੇ ਲਿਆਉਣੀ ਯਕੀਨੀ ਬਣਾਉਣ ਤਾਂ ਕਿ ਉਨ੍ਹਾਂ ਨੂੰ ਮੰਡੀਆਂ ‘ਚ ਆਪਣੀ ਫ਼ਸਲ ਵੇਚਣ ਸਮੇਂ ਜ਼ਿਆਦਾ ਸਮਾਂ ਉਡੀਕ ਨਾ ਕਰਨੀ ਪਵੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖ਼ਰੀਦ ਕੀਤੇ ਝੋਨੇ ਵਿੱਚੋਂ ਪਨਗਰੇਨ ਵੱਲੋਂ 11168 ਮੀਟਰਿਕ ਟਨ, ਮਾਰਕਫੈੱਡ ਵੱਲੋਂ 5317 ਮੀਟਰਿਕ ਟਨ, ਪਨਸਪ ਵੱਲੋਂ 5659 ਮੀਟਰਿਕ ਟਨ ਅਤੇ ਪੰਜਾਬ ਰਾਜ ਗੋਦਾਮ ਨਿਗਮ ਵੱਲੋਂ 4055 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਕੀਤੇ ਹੋਏ ਹਨ ਅਤੇ ਕਿਸਾਨਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਸਮੇਂ ਸਿਰ ਖਰੀਦਿਆ ਜਾਵੇਗਾ, ਇਸ ਲਈ ਕਿਸਾਨ ਸਹਿਯੋਗ ਕਰਨ ਤੇ ਕੇਵਲ ਸੁੱਕਾ ਝੋਨਾ ਹੀ ਮੰਡੀਆਂ ’ਚ ਲਿਆਉਣ।