ਪਟਿਆਲਾ ਜ਼ਿਲ੍ਹੇ ’ਚ ਮੀਂਹ ਕਾਰਨ ਝੋਨੇ ਦੀ ਵਾਢੀ ਤੇ ਖ਼ਰੀਦ ਰੁਕੀ
ਖੇਤਰ ਵਿੱਚ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਜ਼ਿਲ੍ਹਾ ਪਟਿਆਲਾ ਵਿੱਚ ਮੀਂਹ ਕਾਰਨ ਜਿੱਥੇ ਝੋਨੇ ਦੀ ਵਾਢੀ ਦਾ ਕੰਮ ਰੁਕ ਗਿਆ ਹੈ ਉਥੇ ਹੀ ਖਰੀਦ ਕੇਂਦਰਾਂ ਵਿੱਚ ਤੁਲਾਈ ਦਾ ਕੰਮ ਠੱਪ ਹੋ ਗਿਆ। ਕਈ ਥਾਈਂ ਹਵਾ ਕਾਰਨ ਫ਼ਸਲਾਂ...
ਖੇਤਰ ਵਿੱਚ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਜ਼ਿਲ੍ਹਾ ਪਟਿਆਲਾ ਵਿੱਚ ਮੀਂਹ ਕਾਰਨ ਜਿੱਥੇ ਝੋਨੇ ਦੀ ਵਾਢੀ ਦਾ ਕੰਮ ਰੁਕ ਗਿਆ ਹੈ ਉਥੇ ਹੀ ਖਰੀਦ ਕੇਂਦਰਾਂ ਵਿੱਚ ਤੁਲਾਈ ਦਾ ਕੰਮ ਠੱਪ ਹੋ ਗਿਆ। ਕਈ ਥਾਈਂ ਹਵਾ ਕਾਰਨ ਫ਼ਸਲਾਂ ਵੀ ਵਿੱਛ ਗਈਆਂ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਚੌਵੀ ਘੰਟਿਆਂ ਦੌਰਾਨ 41 ਐੱਮ ਐੱਮ ਮੀਂਹ ਦਰਜ ਕੀਤਾ ਗਿਆ ਹੈ, ਜੋ ਪੰਜਾਬ ਵਿੱਚ ਸਭ ਤੋਂ ਵੱਧ ਹੈ। ਜ਼ਿਲ੍ਹੇ ਵਿੱਚ ਸ਼ਾਮ ਵੇਲੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਦੁਪਹਿਰ ਵੇਲੇ 33 ਡਿਗਰੀ ਸੀ। ਤਾਪਮਾਨ ਵਿੱਚ ਲਗਪਗ 5 ਡਿਗਰੀ ਸੈਲਸੀਅਸ ਤੱਕ ਗਿਰਾਵਟ ਆਈ ਹੈ। ਅੱਜ ਇੱਥੇ ਦਿਨ ਭਰ ਮੌਸਮ ਬੱਦਲਵਾਈ ਵਾਲਾ ਰਿਹਾ ਤੇ ਰੁਕ-ਰੁਕ ਕੇ ਭਰਵਾਂ ਮੀਂਹ ਵੀ ਪਿਆ ਜਿਸ ਨਾਲ ਮੌਸਮ ’ਚ ਠੰਢਕ ਆ ਗਈ। ਇਸ ਤੋਂ ਇਲਾਵਾ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਬਹੁਤੀਆਂ ਸੜਕਾਂ ’ਤੇ ਪਾਣੀ ਭਰਿਆ ਰਿਹਾ। ਸ਼ਹਿਰ ਦੀਆਂ ਸੜਕਾਂ ਪੁੱਟੀਆਂ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਹ ਵੀ ਪਤਾ ਲੱਗਿਆ ਹੈ ਕਿ ਮੰਡੀਆਂ ’ਚ ਮਜ਼ਦੂਰਾਂ ਦੀ ਘਾਟ ਕਾਰਨ ਭਾਵੇਂ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਅੱਜ ਮੀਂਹ ਮੌਕੇ ਮੁਸ਼ਕਲਾਂ ਹੋਰ ਵੀ ਵਧ ਗਈਆਂ। ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਹੀ ਤਰਪਾਲਾਂ ਆਦਿ ਦਾ ਪ੍ਰਬੰਧ ਕੀਤਾ ਗਿਆ। ਰਾਜਪੁਰਾ ਦੀ ਅਨਾਜ ਮੰਡੀ ਵਿੱਚ ਖਰੀਦ ਦਾ ਕੰਮ ਲਗਪਗ ਠੱਪ ਹੀ ਰਿਹਾ।