ਪੰਜਾਬੀ ਯੂਨੀਵਰਸਿਟੀ ’ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ
ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵਿੱਚ ‘ਪੋਸਟ ਮੈਟ੍ਰਿਕ ਸਕਾਲਰਸ਼ਿਪ ਓਰੀਐਂਟੇਸ਼ਨ’ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਜਗਦੀਪ ਕੁਮਾਰ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸਮਾਣਾ ਅਤੇ ਸਹਾਇਕ ਨੋਡਲ ਅਫਸਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਪੰਜਾਬ ਨੇ ਇਸ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਯੋਗਤਾ, ਅਰਜ਼ੀ ਪ੍ਰਕਿਰਿਆ, ਲੋੜੀਂਦੇ ਦਸਤਾਵੇਜ਼ ਅਤੇ ਸਮਾਂ-ਸੀਮਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਇਸ ਸਕੀਮ ਦੇ ਲਾਭ ਅਤੇ ਅਰਜ਼ੀ ਦੌਰਾਨ ਆਉਂਦੀਆਂ ਆਮ ਸਮੱਸਿਆਵਾਂ ’ਤੇ ਵੀ ਚਾਨਣਾ ਪਾਇਆ। ਸੈਸ਼ਨ ਦੇ ਅੰਤ ਵਿੱਚ ਸਵਾਲ-ਜਵਾਬ ਸੈਸ਼ਨ ਹੋਇਆ, ਜਿੱਥੇ ਵਿਦਿਆਰਥੀਆਂ ਨੇ ਇਸ ਸਬੰਧੀ ਸਮੱਸਿਆਵਾਂ ਦੇ ਹੱਲ ਬਾਰੇ ਸਪੱਸ਼ਟੀਕਰਨ ਪ੍ਰਾਪਤ ਕੀਤੇ। ਵਿਭਾਗ ਮੁਖੀ ਡਾ. ਜਗਪ੍ਰੀਤ ਕੌਰ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੀਤੇ ਰਸਮੀ ਸਵਾਗਤ ਦੌਰਾਨ ਸਰਕਾਰੀ ਸਕਾਲਰਸ਼ਿਪ ਸਕੀਮਾਂ ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਆਰਥਿਕ ਰੁਕਾਵਟਾਂ ਤੋਂ ਮੁਕਤ ਕਰ ਕੇ ਉੱਚ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਸ ਸਮਾਗਮ ਵਿੱਚ ਆਈ. ਟੀਈਪੀਬੀਏ , ਬੀਐੱਡ, ਐੱਮਏ (ਆਨਰਜ਼) ਐਜੂਕੇਸ਼ਨ ਅਤੇ ਐੱਮਐੱਡ ਪ੍ਰੋਗਰਾਮਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਸ਼ਿਰਕਤ ਕੀਤੀ।