ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸੰਗਠਨ ਸਿਰਜਣ ਮੁਹਿੰਮ
ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਵਰਕਰਾਂ ਤੋਂ ਰਾਇ ਮੰਗੀ; ਸਨੌਰ ਤੇ ਦੇਵੀਗਡ਼੍ਹ ’ਚ ਮੀਟਿੰਗਾਂ
ਕਾਂਗਰਸ ਪਾਰਟੀ ਵੱਲੋਂ ਸੰਗਠਨ ਸਿਰਜਣ ਮੁਹਿੰਮ ਤਹਿਤ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਦੀ ਅਗਵਾਈ ਹੇਠ ਸਨੌਰ ਅਤੇ ਦੇਵੀਗੜ੍ਹ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਵੱਡੇ ਪੱਧਰ ਉੱਤੇ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਜ਼ਿਲ੍ਹਾ ਪਟਿਆਲਾ ਦੀ ਆਬਜ਼ਰਵਰ ਤੇ ਰਾਜਸਥਾਨ ਦੀ ਸਾਬਕਾ ਵਿਧਾਇਕਾ ਮਨੀਸ਼ਾ ਪਵਾਰ ਨੇ ਕਾਂਗਰਸੀ ਵਰਕਰਾਂ ਦੀ ਪ੍ਰਧਾਨ ਚੁਣਨ ਬਾਰੇ ਰਾਇ ਜਾਣੀ। ਇਸ ਮੌਕੇ ਮਨੀਸ਼ਾ ਪਵਾਰ ਨੇ ਕਿਹਾ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਕਾਂਗਰਸ ਦੇ ਏਜੰਡੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮੁਹਿੰਮ ਚਲਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਨੂੰ ਬਲਾਕ ਪੱਧਰ ’ਤੇ ਮੀਟਿੰਗਾਂ ਕਰਕੇ ਵਰਕਰਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਮਨੀਸ਼ਾ ਪਵਾਰ ਨੇ ਕਿਹਾ ਕਿ ਕਾਂਗਰਸ ਦਿਨ ਪ੍ਰਤੀ ਦਿਨ ਮਜ਼ਬੂਤ ਹੋ ਰਹੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਸਬੰਧੀ ਬਲਾਕ ਪੱਧਰ ’ਤੇ ਮੀਟਿੰਗਾਂ ਕਰਕੇ ਵਰਕਰਾਂ ਦੀ ਰਾਇ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜ਼ਿਲ੍ਹਾ ਪ੍ਰਧਾਨ ਸਿੱਧੇ ਤੌਰ ’ਤੇ ਬਣਾਏ ਜਾਂਦੇ ਸਨ ਪਰ ਹੁਣ ਵਰਕਰਾਂ ਦੀ ਰਾਇ ਲੈਣ ਤੋਂ ਬਾਅਦ ਹੀ ਨਿਯੁਕਤੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਫ ਛਵੀ ਵਾਲੇ ਆਗੂਆਂ ਦੀ ਨਿਯੁਕਤੀ ਨਾਲ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ। ਹੈਰੀਮਾਨ ਨੇ ਕਿਹਾ ਕਿ ਲੋਕਾਂ ਦਾ ਮੋਹ ਆਮ ਆਦਮੀ ਪਾਰਟੀ ਤੋਂ ਭੰਗ ਹੋ ਗਿਆ ਹੈ।
ਇਸ ਮੌਕੇ ਹਰਵਿੰਦਰ ਸਿੰਘ ਖਨੌੜਾ, ਰਤਿੰਦਰਪਾਲ ਸਿੰਘ ਰਿੱਕੀ ਮਾਨ, ਜਰਨੈਲ ਸਿੰਘ ਵਿਰਕ, ਹਰਦੀਪ ਸਿੰਘ ਬ੍ਰਹਮਪੁਰਾ, ਅਸ਼ਵਨੀ ਕੁਮਾਰ ਬੱਤਾ, ਮਹਿਕ ਰਣਜੀਤ ਸਿੰਘ ਨੈਣਾ, ਲਖਵਿੰਦਰ ਸਿੰਘ ਸ਼ਾਦੀਪੁਰ, ਕਾਵਲ ਸਿੰਘ ਚੂਹੰਟ ਤੋਂ ਇਲਾਵਾ ਵਰਕਰ ਹਾਜ਼ਰ ਸਨ।
ਹਰਦਿਆਲ ਕੰਬੋਜ ਵੱਲੋਂ ਮਨੀਸ਼ਾ ਪਵਾਰ ਦਾ ਸਨਮਾਨ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਬਿਰਧ ਆਸ਼ਰਮ ਰਾਜਪੁਰਾ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਵਰਕਰਾਂ ਦੇ ਕੀਤੇ ਇਕੱਠ ਵਿਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦੀ ਚੋਣ ਲਈ ਅਬਜ਼ਰਵਰ ਮਨੀਸ਼ਾ ਪਵਾਰ ਵਿਸ਼ੇਸ਼ ਤੌਰ ’ਤੇ ਪਹੁੰਚੀ। ਮਨੀਸ਼ਾ ਪਵਾਰ ਦਾ ਵਿਧਾਇਕ ਕੰਬੋਜ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਮਨੀਸ਼ਾ ਪਵਾਰ ਨੇ ਕਿਹਾ ਕਿ ਪਾਰਟੀ ਵੱਲੋਂ ਪਾਰਟੀ ਸੰਗਠਨ ਦੀ ਮਜ਼ਬੂਤੀ, ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਅਤੇ ਕਾਂਗਰਸੀ ਵਰਕਰਾਂ ਦੀ ਰਾਇ ਜਾਣਨ ਲਈ ਸੰਗਠਨ ਸਿਰਜਣ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਉਹ ਇਸ ਸਮਾਗਮ ਵਿਚ ਵਰਕਰਾਂ ਦੀ ਰਾਇ ਲੈਣ ਲਈ ਪਹੁੰਚੀ ਹੈ ਤਾਂ ਜੋ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਕੰਬੋਜ ਨੇ ਕਿਹਾ ਕਿ ਰਾਜਪੁਰਾ ਵਿੱਚ ਪਾਰਟੀ ਦਾ ਸੰਗਠਨ ਪਹਿਲਾਂ ਹੀ ਬਹੁਤ ਮਜ਼ਬੂਤ ਹੈ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਖਨੌੜਾ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਸੀਨੀਅਰ ਕਾਂਗਰਸੀ ਆਗੂ ਨਿਰਭੈ ਸਿੰਘ ਮਿਲਟੀ ਤੇ ਬਲਾਕ ਸਮਿਤੀ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ ਆਦਿ ਹਾਜ਼ਰ ਸਨ।