ਪੁਰਾਣੀ ਰੰਜਿਸ਼: ਦੋ ਧਿਰਾਂ ਦੇ ਕੁੱਲ 34 ਜਣਿਆਂ ’ਤੇ ਕੇਸ ਦਰਜ
ਪੁਲੀਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰਨੇ ਸ਼ੁਰੂ
ਪੁਰਾਣੀ ਰੰਜਿਸ਼ ਕਾਰਨ ਪਿੰਡ ਖੇੜੀ ਨਗਾਈਆਂ ਵਿੱਚ ਬੁਲਟ ਮੋਟਰਸਾਈਕਲ ਤੋਂ ਪਟਾਕੇ ਮਾਰਨ ਕਾਰਨ ਹੋਏ ਝਗੜੇ ਦੌਰਾਨ ਘੱਗਾ ਪੁਲੀਸ ਨੇ ਇੱਕੋ ਪਰਿਵਾਰ ਦੇ ਕਈ ਭਰਾਵਾਂ, ਪਿਓ-ਪੁੱਤਾਂ ਅਤੇ ਭੈਣ-ਭਰਾਵਾਂ ਸਮੇਤ ਦੋਵਾਂ ਧਿਰਾਂ ਦੇ ਕੁੱਲ 34 ਜਣਿਆਂ ’ਤੇ ਕਰਾਸ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਮੁਲਜ਼ਮਾਂ ਵਿੱਚ ਵਿਕਰਮ ਸਿੰਘ, ਰਿੰਪੀ ਕੌਰ, ਕ੍ਰਿਸ਼ਨਾ ਕੌਰ, ਤੇਜਾ ਸਿੰਘ, ਗੁਰਜੰਟ ਸਿੰਘ, ਲਾਡੀ ਸਿੰਘ, ਸੋਨੀ ਸਿੰਘ, ਜਸਵਿੰਦਰ ਸਿੰਘ ਆਦਿ ਅਤੇ ਦੂਜੀ ਧਿਰ ਦੇ ਨਵਜੋਤ ਸਿੰਘ, ਕਰਨਵੀਰ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਹੰਸਵੀਰ ਸਿੰਘ, ਰਾਜ ਸਿੰਘ ਅਤੇ ਹੋਰ ਸਾਰੇ ਵਾਸੀ ਪਿੰਡ ਖੇੜੀ ਨਗਾਈਆਂ ਦੇ ਨਾਂ ਸ਼ਾਮਲ ਹਨ।
ਇਸ ਦੌਰਾਨ ਮਾਮਲੇ ਦੇ ਜਾਂਚ ਅਧਿਕਾਰੀ ਘੱਗਾ ਪੁਲੀਸ ਦੇ ਏ ਐੱਸ ਆਈ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਜਗਦੀਪ ਸਿੰਘ ਵਾਸੀ ਪਿੰਡ ਖੇੜੀ ਨਗਾਈਆਂ ਅਤੇ ਵਿਕਰਮ ਸਿੰਘ ਵਾਸੀ ਪਿੰਡ ਖੇੜੀ ਨਗਾਈਆਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਇੱਕੋ ਪਿੰਡ ਦੇ ਰਹਿਣ ਵਾਲੀਆਂ ਦੋ ਧਿਰਾਂ ਵਿਚਕਾਰ ਚੱਲ ਰਹੀ ਪੁਰਾਣੀ ਰੰਜਿਸ਼ ਕਾਰਨ 26 ਸਤੰਬਰ ਦੀ ਰਾਤ ਕਰੀਬ 8:00 ਵਜੇ ਹੋਏ ਇਸ ਝਗੜੇ ਦੌਰਾਨ ਲਾਠੀਆਂ ਅਤੇ ਇੱਟਾਂ ਦੀ ਜ਼ੋਰਦਾਰ ਵਰਤੋਂ ਕੀਤੀ ਗਈ। ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਝਗੜਾ ਸ਼ੁਰੂ ਕਰਨ ਦਾ ਦੋਸ਼ ਲਾਇਆ। ਦੋਵਾਂ ਧਿਰਾਂ ਦੇ ਸੱਤ-ਸੱਤ ਜਣਿਆਂ ਨੂੰ ਜ਼ਖ਼ਮੀ ਹੋਣ ’ਤੇ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿੱਚ ਦਾਖ਼ਲ ਕਰਵਾਇਆ ਗਿਆ। ਅਧਿਕਾਰੀ ਅਨੁਸਾਰ ਦੋਵਾਂ ਧਿਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸ਼ੁਰੂ ਕਰ ਦਿੱਤੀ ਹੈ।