ਪਟਿਆਲਾ ’ਚ ਹੜ੍ਹਾਂ ਜਿਹੀ ਸਥਿਤੀ ਨਹੀਂ: ਡਾ. ਬਲਬੀਰ ਸਿੰਘ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਵੱਡੀ ਨਦੀ ’ਤੇ ਲੱਗ ਰਹੇ ਐੱਸਟੀਪੀ, ਦੌਲਤਪੁਰ, ਗੁਰਦੁਆਰਾ ਸਾਹਿਬ ਫਲੌਲੀ, ਵੱਡੀ ਨਦੀ ਪੁੱਲ ਰਾਜਪੁਰਾ ਰੋਡ, ਗੋਬਿੰਦ ਬਾਗ਼ ਤੇ ਹੀਰਾ ਬਾਗ਼ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਇਲਾਕੇ ਕੌਂਸਲਰ ਤੇ ਹੋਰ ਪਤਵੰਤੇ ਵੀ ਮੌਜੂਦ ਸਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ’ਚ ਭਾਵੇਂ ਹੜ੍ਹਾਂ ਵਰਗੀ ਕੋਈ ਸਥਿਤੀ ਨਹੀਂ ਹੈ ਪਰ ਅਹਿਤਿਆਤ ਵਜੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਪਈ ਬਰਸਾਤ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹੜ੍ਹ ਆਏ ਹੋਏ ਹਨ, ਪਰ ਪਟਿਆਲਾ ਜ਼ਿਲ੍ਹੇ ਵਿੱਚੋਂ ਵਗਣ ਵਾਲੀਆਂ ਸਾਰੀਆਂ ਨਦੀਆਂ-ਨਾਲਿਆਂ ਸਮੇਤ ਵੱਡੀ ਅਤੇ ਛੋਟੀ ਨਦੀ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਥੱਲੇ ਹੈ, ਜਿਸ ਲਈ ਪਟਿਆਲਾ ਵਾਸੀ ਘਬਰਾਹਟ ਵਿੱਚ ਨਾ ਆਉਣ। ਇਸ ਤੋਂ ਇਲਾਵਾ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 ਅਤੇ 2358550 ਵੀ 24 ਘੰਟੇ ਕਾਰਜਸ਼ੀਲ ਹਨ ਤਾਂ ਜੋ ਪਾਣੀ ਦੀ ਨਿਕਾਸੀ ਸਬੰਧੀ ਕਿਸੇ ਵੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾ ਸਕੇ। ਉਨ੍ਹਾਂ ਐੱਸਟੀਪੀ ਨੂੰ ਜਾਂਦੇ ਰਸਤੇ ਦੀ ਸਫ਼ਾਈ ਕਰਨ ਤੇ ਇਸ ਦੇ ਕੰਮ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਫਲੌਲੀ ਨੇੜੇ ਖੱਪੇ ਨੂੰ ਭਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਫਲੌਲੀ ਵਿੱਚ ਵੱਡਾ ਤਲਾਅ ਬਣਾਉਣ ਸਮੇਤ ਨਦੀ ਦੇ ਨਾਲ-ਨਾਲ ਹੋਰ ਵੀ ਅੱਧੀ ਦਰਜਨ ਤਲਾਅ ਬਣਾਏ ਜਾਣਗੇ ਤਾਂ ਕਿ ਨਦੀ ਉਛਲਣ ਦੀ ਸੂਰਤ ਵਿੱਚ 40 ਤੋਂ 50 ਹਜ਼ਾਰ ਕਿਊਸਿਕ ਪਾਣੀ ਸੰਭਾਲਿਆ ਜਾ ਸਕੇ। ਉਨ੍ਹਾਂ ਦੌਲਤਪੁਰ ਵਿੱਚ ਨਵੇਂ ਬਣ ਰਹੇ ਪੁੱਲ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।
ਗੁਰਦੁਆਰਾ ਦੂਖ ਨਿਵਾਰਨ ਸਾਹਿਬ ’ਚ ਹੜ੍ਹ ਪੀੜਤਾਂ ਲਈ ਡੈਸਕ ਸਥਾਪਤ
ਪਟਿਆਲਾ (ਪੱਤਰ ਪ੍ਰੇਰਕ): ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਅਤੇ ਉੱਥੇ ਜਾ ਕੇ ਮਦਦ ਕਰਨ ਹਿੱਤ ਵਿਸ਼ੇਸ਼ ਤੌਰ ’ਤੇ ਹੜ੍ਹ ਪੀੜਤਾਂ ਲਈ ਸਹਾਇਤਾ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਬਾਰੇ ਅੰਤ੍ਰਿਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਸੰਗਤ ਲਈ ਉਚਿਤ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਵਿਸ਼ੇਸ਼ ਮੌਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਤੇ ਮੈਂਬਰ ਸ਼੍ਰੋਮਣੀ ਕਮੇਟੀ ਅਜਮੇਰ ਸਿੰਘ ਲਾਛੜੂ ਹਾਜ਼ਰ ਸਨ। ਸ੍ਰੀ ਗੜ੍ਹੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੀ ਹਰ ਪੱਖ ਤੋਂ ਸਹਾਇਤਾ ਕੀਤੀ ਜਾ ਰਹੀ ਹੈ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਅੱਜ ਜਦੋਂ ਪੰਜਾਬ ਅੰਦਰ ਇਹ ਨਾਜ਼ੁਕ ਹਾਲਾਤ ਬਣੇ ਹਨ ਤਾਂ ਹਰ ਵਿਅਕਤੀ ਵਾਲੰਟੀਅਰ ਬਣ ਕੇ ਹੜ੍ਹ ਪੀੜਤਾਂ ਦੀ ਮਦਦ ਕਰੇ। ਇਸ ਮੌਕੇ ਮੈਨੇਜਰ ਭਾਗ ਸਿੰਘ ਨੇ ਦੱਸਿਆ ਕਿ ਹੜ੍ਹ ਪੀੜਤਾਂ ਲਈ ਰਿਹਾਇਸ਼ ਅਤੇ ਲੰਗਰ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਸਹਾਇਤਾ ਦੀ ਜ਼ਰੂਰਤ ਹੋਵੇ ਉਹ 99146-17900 ਨੰਬਰ ਉੱਤੇ ਸੰਪਰਕ ਕਰ ਸਕਦਾ ਹੈ।