ਨਵੀਂ ਗਊਸ਼ਾਲਾ ਨਾਲ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਹੱਲ ਹੋਵੇਗੀ: ਮੇਅਰ
ਪਟਿਆਲਾ ਸ਼ਹਿਰ ਵਿੱਚ ਲਾਵਾਰਿਸ ਪਸ਼ੂਆਂ ਦੀ ਸੰਭਾਲ ਵਾਸਤੇ ਨਵੀਂ ਗਊਸ਼ਾਲਾ ਬਣਾਉਣ ਲਈ ਨਗਰ ਨਿਗਮ ਵੱਲੋਂ ਅਹਿਮ ਪਹਿਲ ਕੀਤੀ ਜਾ ਰਹੀ ਹੈ। ਇਸ ਸੰਦਰਭ ਵਿੱਚ ਅੱਜ ਮੇਅਰ ਕੁੰਦਨ ਗੋਗੀਆ ਨੇ ਪਟਿਆਲਾ ਵਿੱਚ ਵੱਖ-ਵੱਖ ਗੌ-ਸੇਵਾ ਸੰਸਥਾਵਾਂ ਦੇ ਪ੍ਰਧਾਨਾਂ ਅਤੇ ਇਲਾਕੇ ਦੇ ਜ਼ਿੰਮੇਵਾਰ ਲੋਕਾਂ ਨਾਲ ਸਲਾਹ-ਮਸ਼ਵਰਾ ਕਰਦੇ ਹੋਏ ਮੁਲਾਕਾਤ ਕੀਤੀ। ਇਸ ਦੌਰਾਨ ਮੇਅਰ ਨੇ ਕਿਹਾ ਕਿ ਲਾਵਾਰਿਸ ਗਊਆਂ ਦੀ ਸੰਭਾਲ ਸ਼ਹਿਰ ਦੀ ਇਕ ਜ਼ਿੰਮੇਵਾਰੀ ਹੈ ਅਤੇ ਨਵੀਂ ਗਊਸ਼ਾਲਾ ਇਸ ਸਮੱਸਿਆ ਦਾ ਇਕ ਪੱਕਾ ਹੱਲ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕੰਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਵੇਗਾ, ਇਸ ਲਈ ਹਰ ਇੱਕ ਨਾਗਰਿਕ ਅੱਗੇ ਆ ਕੇ ਆਪਣਾ ਯੋਗਦਾਨ ਦੇਵੇ। ਮੇਅਰ ਨੇ ਇਨ੍ਹਾਂ ਸੰਸਥਾਵਾਂ ਤੋਂ ਜਾਣਕਾਰੀ ਲੈਣ ਉਪਰੰਤ ਕਿਹਾ ਕਿ ਗਊਸ਼ਾਲਾ ਦੀ ਜਗ੍ਹਾ, ਸਹੂਲਤਾਂ ਅਤੇ ਚਲਾਣਾ ਪ੍ਰਣਾਲੀ ਬਾਰੇ ਜਲਦੀ ਹੀ ਪੂਰੀ ਯੋਜਨਾ ਜਲਦ ਤਿਆਰ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਥੇਬੰਦੀਆਂ ਦੀ ਮਦਦ ਨਾਲ ਗਊਆਂ ਦੀ ਸੰਭਾਲ, ਇਲਾਜ ਅਤੇ ਖ਼ੁਰਾਕ ਲਈ ਵਾਧੂ ਵਸੀਲੇ ਇਕੱਠੇ ਕੀਤੇ ਜਾਣਗੇ। ਮੇਅਰ ਕੁੰਦਨ ਗੋਗੀਆ ਨੇ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਯਤਨ ਸਿਰਫ਼ ਗਊਮਾਤਾ ਦੀ ਰੱਖਿਆ ਲਈ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ ਵੱਲ ਇੱਕ ਵੱਡਾ ਕਦਮ ਹੋਵੇਗਾ। ਇਸ ਮੌਕੇ ਪ੍ਰਧਾਨ ਭਵਨੇਸ਼ ਕੁਮਾਰ ਭੋਲਾ, ਗੋਪਾਲ ਅਰੋੜਾ, ਵਰਿੰਦਰ ਗਰਗ, ਹਰਬੰਸ ਸਿੰਘ, ਸੁਧੀਰ ਖੰਨਾ, ਵਿਕਾਸ ਕਪੂਰ ਤੇ ਵਿਕਾਸ ਕੰਬੋਜ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।