ਬੇਅਦਬੀ ਦੀਆਂ ਘਟਨਾਵਾਂ ਪਿਛਲੀ ਸਾਜ਼ਿਸ਼ ਦਾ ਪਤਾ ਲਾਉਣ ਦੀ ਲੋੜ: ਰੱਖੜਾ
ਪੰਜਾਬ ਵਿਧਾਨ ਸਭਾ ਵਿੱਚ ਸਰਕਾਰ ਵੱਲੋਂ ਪੇਸ਼ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਾਰੇ ਬਿੱਲ-2025’ ਬਾਰੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਮੁੱਖ ਮੁੱਦਾ ਬਿੱਲ ਨੂੰ ਬਣਾਉਣ ਜਾਂ ਪਾਸ ਕਰਨ ਦਾ ਨਹੀਂ ਬਲਕਿ ਬੇਅਦਬੀ ਦੀਆਂ ਘਟਨਾਵਾਂ ਰੋਕਣ ਦਾ ਹੈ। ਉਨ੍ਹਾਂ ਕਿਹਾ ਕਿ ਅਸਲ ਮੁੱਦਾ ਪੰਜਾਬ ਵਿੱਚ ਬੇਅਦਬੀ ਮਾਮਲਿਆਂ ਪਿਛਲੀ ਸਾਜ਼ਿਸ਼ ਦਾ ਪਤਾ ਲਾਉਣ ਦਾ ਹੈ। ਪੰਜਾਬ ਤੋਂ ਬਾਹਰ ਖਾਸਤੌਰ ’ਤੇ ਯੂਪੀ, ਬਿਹਾਰ ਤੇ ਬੰਗਾਲ ਵਿੱਚ ਕਈ ਗੁਰਦੁਆਰੇ ਸਥਾਪਤ ਹਨ ਜਿੱਥੇ ਸਿੱਖ ਵਸੋਂ ਵੀ ਨਾ ਮਾਤਰ ਹੈ ਤੇ ਗੁਰਦੁਆਰਿਆਂ ਦੀ ਰਾਖੀ ਲਈ ਹਰ ਸਮੇਂ ਕੋਈ ਮੌਜੂਦ ਵੀ ਨਹੀਂ ਹੁੰਦਾ। ਇਸ ਦੇ ਬਾਵਜੂਦ ਇਨ੍ਹਾਂ ਥਾਵਾਂ ’ਤੇ ਬੇਅਦਬੀ ਦੀ ਕੋਈ ਘਟਨਾ ਨਹੀਂ ਵਾਪਰੀ। ਦੂਜੇ ਪਾਸੇ ਪੰਜਾਬ ਵਿੱਚ ਵੱਡੀ ਗਿਣਤੀ ਗੁਰਦੁਆਰਿਆਂ ਵਿੱਚ ਹਰ ਵੇਲੇ ਸੰਗਤ ਦੀ ਆਮਦ ਹੁੰਦੀ ਹੈ। ਇਸ ਦੇ ਬਾਵਜੂਦ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਨਿੱਤ ਦਿਨ ਵਾਪਰਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਿਛਲੀ ਡੂੰਘੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ। ‘ਆਪ’ ਸਰਕਾਰ ਬਣੇ ਹੋਏ ਕਾਨੂੰਨਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ। ਪੰਜਾਬ ਵਿੱਚ ਨਿੱਤ ਦਿਨ ਗੈਂਗਸਟਰਾਂ ਵੱਲੋਂ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਸਖ਼ਤ ਕਾਨੂੰਨ ਹੋਣ ਦੇ ਬਾਵਜੂਦ ਨਸ਼ਿਆਂ ਦੀ ਵਿੱਕਰੀ ਨੂੰ ਠੱਲ੍ਹ ਨਾ ਪਾਉਣਾ ਇਹ ‘ਆਪ’ ਸਰਕਾਰ ਦੀ ਨਾਕਾਮੀ ਹੈ। ‘ਆਪ’ ਸਰਕਾਰ ਵੇਲੇ ਪੁਲੀਸ ਹਿਰਾਸਤ ’ਚ ਮੁਕਾਬਲਿਆਂ ਦੀ ਗਿਣਤੀ ਵਧੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਵੀ ਮੌਜੂਦ ਸਨ।