ਨਾਇਬ ਸੈਣੀ ਵੱਲੋਂ ਟੌਹੜਾ ਪਰਿਵਾਰ ਨਾਲ ਮੁਲਾਕਾਤ
ਸਾਬਕਾ ਮੰਤਰੀ ਹਰਮੇਲ ਟੌਹੜਾ ਦੇ ਦੇਹਾਂਤ ’ਤੇ ਪਰਿਵਾਰ ਨਾਲ ਦੁੱਖ ਵੰਡਾਇਆ
ਪੰਜਾਬ ਦੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਦੇਹਾਂਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪਿੰਡ ਟੌਹੜਾ ਪੁੱਜੇ। ਜਾਣਕਾਰੀ ਅਨੁਸਾਰ ਉਹ ਹੈਲੀਕਾਪਟਰ ਰਾਹੀਂ ਟੌਹੜਾ ਪਿੰਡ ਪਹੁੰਚੇ ਅਤੇ ਉਨ੍ਹਾਂ ਦਾ ਹੈਲੀਕਾਪਟਰ ਅਨਾਜ ਮੰਡੀ ਟੌਹੜਾ ਵਿੱਚ ਉਤਰਿਆ। ਇਸ ਮਗਰੋਂ ਪਰਿਵਾਰ ਦੇ ਜੱਦੀ ਘਰ ਪਹੁੰਚ ਕੇ ਉਨ੍ਹਾਂ ਨੇ ਹਰਮੇਲ ਸਿੰਘ ਟੌਹੜਾ ਦੀ ਪਤਨੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ ਸਮੇਤ ਦੋਵਾਂ ਪੁੱਤਰਾਂ ਹਰਿੰਦਰਪਾਲ ਸਿੰਘ ਟੌਹੜਾ ਤੇ ਕੰਵਰਵੀਰ ਸਿੰਘ ਟੌਹੜਾ ਦੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਜਿਥੇ ਹਰਮੇਲ ਸਿੰਘ ਟੌਹੜਾ ਦੇ ਅਕਾਲੀ ਚਲਾਣੇ ’ਤੇ ਦੁੱਖ ਜ਼ਾਹਿਰ ਕੀਤਾ, ਉਥੇ ਹੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਯਾਦ ਕੀਤਾ। ਸ੍ਰੀ ਟੌਹੜਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਕਹਿਣਾ ਸੀ ਕਿ ਮਰਹੂਮ ਟੌਹੜਾ ਇੱਕ ਵੱਡਾ ਨਾਮ ਰਿਹਾ ਹੈ। ਜ਼ਿਕਰਯੋਗ ਹੈ ਕਿ ਟੌਹੜਾ ਪਰਿਵਾਰ ਛੋਟੇ ਫਰਜੰਦ ਕੰਵਰਵੀਰ ਸਿੰਘ ਟੌਹੜਾ ਇਸ ਵਕਤ ਭਾਜਪਾ ਦਾ ਹਿੱਸਾ ਹੈ। ਉਹ ਜਿਥੇ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਪ੍ਰਧਾਨ ਰਹਿ ਚੁੱਕੇ ਹਨ, ਉਥੇ ਹੀ ਹੁਣ ਭਾਜਪਾ ਦੇ ਸੂਬਾਈ ਸਕੱਤਰ ਤੇ ਅਮਲੋਹ ਦੇ ਹਲਕਾ ਇੰਚਾਰਜ ਵੀ ਹਨ। ਸਾਲ 2022 ’ਚ ਉਨ੍ਹਾਂ ਨੇ ਭਾਜਪਾ ਦੀ ਟਿਕਟ ’ਤੇ ਅਮਲੋਹ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ’ਚ ਕੰਵਰਵੀਰ ਟੌਹੜਾ ਨੇ ਆਪਣੀ ਚੰਗੀ ਸਾਖ ਬਣਾਈ ਹੋਈ ਹੈ। ਇਸ ਮੌਕੇ ’ਤੇ ਪਰਿਵਾਰ ਦੀਆਂ ਦੋਵੇਂ ਨੂੰਹਾਂ ਹਰਨੀਤ ਕੌਰ ਤੇ ਮਹਿਰੀਨ ਕਾਲੇਕਾ ਸਮੇਤ ਐਡਵੋਕੇਟ ਮਨਵਿੰਦਰ ਸਿੰਘ ਗੋਲਡੀ, ਪ੍ਰਿੰਸੀਪਲ ਭਰਭੂਰ ਸਿੰਘ ਲੌਟ, ਪੀ.ਏ ਸੁਖਦੇਵ ਸਿੰਘ ਪੰਡਤਾਂ, ਅਮਰਿੰਦਰ ਸਿੰਘ ਕਾਲੇਕਾ, ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ, ਬੇਅੰਤ ਕੌਰ ਚਹਿਲ, ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਟੌਹੜਾ, ਪੰਚ ਸਨੀ ਟੌਹੜਾ ਆਦਿ ਵੀ ਮੌਜੂਦ ਸਨ। ਜਦਕਿ ਹਲਕਾ ਨਾਭਾ ਤੋਂ ‘ਆਪ’ ਦੇ ਵਿਧਾਇਕ ਦੇਵ ਮਾਨ ਨੇ ਵੀ ਹਲਕਾ ਵਿਧਾਇਕ ਵਜੋਂ ਸ਼ਿਰਕਤ ਕੀਤੀ।