ਨਾਭਾ ਨਗਰ ਕੌਂਸਲ ਵਿਵਾਦ: ਬੇਭਰੋਸਗੀ ਮਤੇ ਤੋਂ ਪਹਿਲਾਂ ਵਿਧਾਇਕ ਵੱਲੋਂ ਪ੍ਰਧਾਨ ਦੇ ਅਸਤੀਫ਼ੇ ਦਾ ਐਲਾਨ
ਨਗਰ ਕੌਂਸਲ ਨਾਭਾ ਵਿੱਚ ਅੱਜ ਪ੍ਰਧਾਨ ਸੁਜਾਤਾ ਚਾਵਲਾ ਖ਼ਿਲਾਫ਼ ਬੇਭਰੋਸਗੀ ਦੇ ਮਤੇ ਬਾਰੇ ਹਾਊਸ ਮੀਟਿੰਗ ਹੋਣੀ ਸੀ ਪਰ ਕੱਲ੍ਹ ਰਾਤ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਪ੍ਰਧਾਨ ਦੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ। ਰਾਤ 7 ਵਜੇ ਦੇ ਕਰੀਬ ਵਿਧਾਇਕ, 14 ਕੌਂਸਲਰਾਂ ਅਤੇ ‘ਆਪ’ ਦੇ ਹੋਰ ਸਥਾਨਕ ਆਗੂਆਂ ਵਿਚਾਲੇ ਬੰਦ ਕਮਰਾ ਮੀਟਿੰਗ ਤੋਂ ਬਾਅਦ ਵਿਧਾਇਕ ਨੇ ਇਹ ਐਲਾਨ ਕੀਤਾ। ਅੱਜ ਸਵੇਰੇ ਮੀਟਿੰਗ ਵਿੱਚ ਇੱਕ ਕੌਂਸਲਰ ਤੋਂ ਬਗ਼ੈਰ ਕੋਈ ਨਾ ਪਹੁੰਚਿਆ ਤੇ ਹਾਊਸ ਮੀਟਿੰਗ ਮੁਲਤਵੀ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਕੱਲ੍ਹ ਕਈ ‘ਆਪ’ ਕੌਂਸਲਰਾਂ ਨੇ ਸੋਸ਼ਲ ਮੀਡੀਆ ’ਤੇ ਦੋਸ਼ ਲਾਏ ਸਨ ਕਿ ਪੁਲੀਸ ਉਨ੍ਹਾਂ ਦੇ ਘਰ ਛਾਪੇ ਮਾਰ ਰਹੀ ਹੈ ਤੇ ਉਨ੍ਹਾਂ ’ਤੇ ਦਬਾਅ ਬਣਾ ਰਹੀ ਹੈ। ਇਸ ਮਗਰੋਂ ਟਰੱਕ ਯੂਨੀਅਨ ਪ੍ਰਧਾਨ, ਭਾਦਸੋਂ ਮਾਰਕੀਟ ਕਮੇਟੀ ਪ੍ਰਧਾਨ ਤੇ ਕਈ ਹੋਰ ਸਥਾਨਕ ‘ਆਪ’ ਆਗੂਆਂ ਨੇ ਖੁੱਲ੍ਹ ਕੇ ਸੋਸ਼ਲ ਮੀਡੀਆ ਉੱਪਰ ਪੁਲੀਸ ਦੀ ਦੁਰਵਰਤੋਂ ਦਾ ਵਿਰੋਧ ਦਰਜ ਕਰਵਾਇਆ ਤੇ ਵਿਧਾਇਕ ਨੂੰ ਪ੍ਰਧਾਨ ਦਾ ਅਸਤੀਫ਼ਾ ਲੈਣ ਦੀ ਅਪੀਲ ਕੀਤੀ।
ਹਾਲਾਂਕਿ ਪੁਲੀਸ ਨੇ ਉਕਤ ਦੋਸ਼ ਨਕਾਰੇ ਪਰ ਇਸ ਕਾਰਨ ਇਲਾਕੇ ਵਿੱਚ ਤਣਾਅ ਬਣਿਆ ਰਿਹਾ।
ਇਸ ਮਗਰੋਂ ਲੰਘੀ ਰਾਤ ਸਥਾਨਕ ਰੈਸਟ ਹਾਊਸ ਵਿੱਚ ਉਕਤ ਮੀਟਿੰਗ ਹੋਈ। ਜਾਣਕਾਰੀ ਅਨੁਸਾਰ ਮੀਟਿੰਗ ’ਚ ਪ੍ਰਧਾਨ ਦੇ ਪਤੀ ਪੰਕਜ ਪੱਪੂ ਵੱਲੋਂ ਕਥਿਤ ਟਰਾਲੀ ਚੋਰੀ ਦਾ ਮਸਲਾ ਅਤੇ ਕੌਂਸਲ ਵਿੱਚ ਪੰਕਜ ਪੱਪੂ ਦੀ ਮਨਮਾਨੀ ਦਾ ਮੁੱਦਾ ਜ਼ੋਰਾਂ ਨਾਲ ਚੁੱਕਿਆ ਗਿਆ। ਲਗਪਗ 2 ਘੰਟੇ ਦੀ ਮੀਟਿੰਗ ਮਗਰੋਂ ਵਿਧਾਇਕ ਨੇ ਕੌਂਸਲਰਾਂ ਦੀ ਹਾਜ਼ਰੀ ਵਿੱਚ ਮੀਡੀਆ ਅੱਗੇ ਬਿਆਨ ਦਿੱਤਾ ਕਿ ਕੌਂਸਲਰਾਂ ਨੇ ਕੱਲ੍ਹ ਨੂੰ ਹਾਊਸ ਮੀਟਿੰਗ ’ਚ ਨਾ ਜਾਕੇ ਬੇਭਰੋਸਗੀ ਮਤਾ ਨਾ ਪਾਉਣ ’ਤੇ ਸਹਿਮਤੀ ਜਤਾਈ ਹੈ ਤੇ ਉਹ ਨਗਰ ਕੌਂਸਲ ਪ੍ਰਧਾਨ ਕੋਲੋਂ ਅਸਤੀਫਾ ਲੈ ਰਹੇ ਹਨ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਚਰਨ ਸਿੰਘ ਨੇ ਦੱਸਿਆ ਕਿ ਅਜੇ ਉਨ੍ਹਾਂ ਕੋਲ ਪ੍ਰਧਾਨ ਦਾ ਅਸਤੀਫ਼ਾ ਨਹੀਂ ਪਹੁੰਚਿਆ ਜਿਸ ਕਾਰਨ ਬੇਭਰੋਸਗੀ ਦੀ ਅਰਜ਼ੀ ਦੀ ਤਰੀਕ ਤੋਂ ਇੱਕ ਮਹੀਨੇ ਅੰਦਰ ਮਤਲਬ 24 ਸਤੰਬਰ ਤੋਂ ਪਹਿਲਾਂ ਹਾਊਸ ਮੀਟਿੰਗ ਰੱਖਣੀ ਪਵੇਗੀ। ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਨੇ ਦੱਸਿਆ ਕਿ ਜਿਵੇਂ ਵਿਧਾਇਕ ਦੇਵ ਮਾਨ ਕਹਿਣਗੇ ਉਸੇ ਤਰ੍ਹਾਂ ਹੋਵੇਗਾ।