ਭਰਵੇਂ ਮੀਂਹ ਕਾਰਨ ਨਾਭਾ ਸ਼ਹਿਰ ਜਲ-ਥਲ
ਨਾਭਾ ਸ਼ਹਿਰ ਵਿੱਚ ਭਰਵੇਂ ਮੀਂਹ ਕਾਰਨ ਕੁਝ ਹੀ ਸਮੇਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ। ਸ਼ਹਿਰ ਵਿਚ ਸ਼ਾਇਦ ਹੀ ਕੋਈ ਗਲੀ ਜਾਂ ਸੜਕ ਹੋਵੇਗੀ ਜਿਥੇ ਗੋਡੇ-ਗੋਡੇ ਪਾਣੀ ਨਾ ਭਰਿਆ ਹੋਵੇ। ਇਸ ਦੌਰਾਨ ਨਾਲੀਆਂ ਓਵਰਫਲੋਅ ਹੋਣ ਕਾਰਨ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ ਗੰਦਾ ਪਾਣੀ ਦਾਖਲ ਹੋ ਗਿਆ। ਜਾਣਕਾਰੀ ਅਨੁਸਾਰ ਸੀਵਰੇਜ ਪਾਈਪਾਂ ’ਚੋਂ ਕੱਢਣ ਦਾ ਕੰਮ ਕਰਨ ਵਾਲੀ ਵੱਡੀ ਸਕਸ਼ਨ ਮੋਟਰ ਖਰਾਬ ਸੀ ਜਿਸ ਕਾਰਨ ਇਲਾਕੇ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਲੱਖਾਂ ਰੁਪਏ ਦੇ ਠੇਕੇ ਅਧੀਨ ਬਰਸਾਤੀ ਨਾਲਿਆਂ ਦੀ ਸਫਾਈ ਹੋ ਚੁੱਕੀ ਹੈ ਪਰ ਫਿਰ ਵੀ ਇਨ੍ਹਾਂ ਨਾਲਿਆਂ ਵਿੱਚੋਂ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਆਈ। ਕਈ ਕੌਂਸਲਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਾਰੀ ਵਾਰੀ ਕਹਿਣ ਦੇ ਬਾਵਜੂਦ ਨਾਲਿਆਂ ਦੀ ਸਫਾਈ ਚੰਗੀ ਤਰ੍ਹਾਂ ਨਹੀਂ ਕੀਤੀ ਗਈ। ਇਥੋਂ ਦੇ ਜੱਟਾਂ ਵਾਲਾ ਬਾਂਸ ਦੇ ਵਸਨੀਕਾਂ ਨੇ ਦੱਸਿਆ ਕਿ ਜੇਡੀ ਜਿਮ ਅਤੇ ਸਿਵਲ ਹਸਪਤਾਲ ਵਿਚਾਲੇ ਨਾਲੇ ਅਤੇ ਮੁੰਨਾ ਲਾਲ ਦੇ ਕੰਡੇ ਕੋਲ ਜਾਂਦੇ ਨਾਲੇ ਦੀ ਚੰਗੀ ਤਰ੍ਹਾਂ ਸਫਾਈ ਕਈ ਸਾਲਾਂ ਤੋਂ ਨਹੀਂ ਹੋਈ। ਜਦੋਂ ਕਿ ਅੱਧੇ ਤੋਂ ਵੱਧ ਸ਼ਹਿਰ ਦਾ ਪਾਣੀ ਇਥੇ ਪਹੁੰਚਦਾ ਹੈ ਜਿਹੜਾ ਕਿ ਅੱਗੇ ਮੁੰਨਾ ਲਾਲ ਦੇ ਕੰਡੇ ਕੋਲ ਜਾ ਨਿਕਲਦਾ ਹੈ। ਜੇਕਰ ਇਥੋਂ ਬਿਹਤਰ ਸਫਾਈ ਹੋਈ ਹੁੰਦੀ ਤਾਂ ਪਾਣੀ ਤੇਜ਼ੀ ਨਾਲ ਨਿਕਲਦਾ ਰਹਿੰਦਾ ਤੇ ਪੂਰੇ ਸ਼ਹਿਰ ਨੂੰ ਰਾਹਤ ਮਿਲ ਸਕਦੀ ਸੀ। ਨਾਭਾ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਕਸ਼ਨ ਮੋਟਰ ਠੀਕ ਕਰਾਉਣ ਲਈ ਭੇਜੀ ਹੋਈ ਹੈ ਤੇ ਕੱਲ੍ਹ ਤੱਕ ਵਾਪਸ ਲਗਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਕਤ ਨਾਲਿਆਂ ਦੀ ਸਫਾਈ ਦੀ ਜਾਂਚ ਕਰਨਗੇ।