ਹਾਮਝੇੜੀ ਵਿੱਚ ਗਰਭਵਤੀ ਔਰਤ ਦੀ ਭੇਤ-ਭਰੀ ਮੌਤ
ਪਿੰਡ ਹਾਮਝੇੜੀ ਵਿੱਚ ਦਸ ਮਹੀਨੇ ਪਹਿਲਾਂ ਵਿਆਹੀ ਗਰਭਵਤੀ ਔਰਤ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਪੇਕੇ ਪਰਿਵਾਰ ਨੇ ਲੜਕੀ ਦੇ ਸਹੁਰਾ ਪਰਿਵਾਰ ’ਤੇ ਉਨ੍ਹਾਂ ਦੀ ਧੀ ਦਾ ਕਤਲ ਕਰਨ ਦੇ ਦੋਸ਼ ਲਾਏ ਹਨ। ਘਟਨਾ ਦਾ ਪਤਾ ਲੱਗਦਿਆਂ ਪੁਲੀਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਪਿਤਾ ਬਿੰਦਰ ਗਿਰ, ਮਾਤਾ ਕੁਲਵਿੰਦਰ, ਭਰਾ ਸ਼ੰਕਰ ਗਿਰ ਵਾਸੀ ਮੈਣ ਦੂਧੜ ਪਟਿਆਲਾ, ਭੈਣ ਸੁਮਨ ਅਤੇ ਮਾਸੀ ਦੇ ਲੜਕੇ ਅਨਿਲ ਗਿਰੀ ਵਾਸੀ ਪਿਹੋਵਾ (ਹਰਿਆਣਾ) ਦੱਸਿਆ ਕਿ ਉਨ੍ਹਾਂ ਨੇ ਆਪਣੀ ਲੜਕੀ ਨੀਸ਼ੂ ਦਾ ਵਿਆਹ ਕਰੀਬ 10 ਮਹੀਨੇ ਪਹਿਲਾਂ ਪਿੰਡ ਹਾਮਝੇੜੀ ਵਾਸੀ ਨਿੱਕਾ ਪੁੱਤਰ ਸਤਪਾਲ ਭੋਲਾ ਨਾਲ ਕੀਤਾ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਦਾਜ ਦੀ ਮੰਗ ਲਈ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਗਰਭਵਤੀ ਹਾਲਤ ਕਰਕੇ ਲੜਕੀ ਦੀ ਮਾਂ ਕੁਲਵਿੰਦਰ ਕੌਰ ਲੜਕੀ ਨੂੰ ਪੇਕੇ ਲੈ ਕੇ ਜਾਣ ਵਾਸਤੇ ਆਈ ਸੀ ਪਰ ਸਹੁਰਾ ਪਰਿਵਾਰ ਲੜਕੀ ਨੂੰ ਪੇਕੇ ਭੇਜਣ ਵਾਸਤੇ ਰਾਜ਼ੀ ਨਾ ਹੋਇਆ। ਇਸ ਦੌਰਾਨ ਨਿੱਕਾ ਉਰਫ ਗੁਰੀ ਨੇ ਆਪਣੀ ਸੱਸ ਨਾਲ ਗਾਲੀ ਗਲੋਚ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ। ਮਾਮਲੇ ਨੂੰ ਲੈ ਕੇ ਵੀਰਵਾਰ ਸਵੇਰੇ ਮਸੇਰੇ ਭਰਾ ਅਨਿਲ ਗਿਰੀ ਨੇ ਨਿੱਕੇ ਨੂੰ ਫੋਨ ਕੀਤਾ ਤਾਂ ਉਸ ਨੇ ਉਸ ਨੂੰ ਵੀ ਚੰਗਾ ਮਾੜਾ ਬੋਲ ਲਿਆ ਅਤੇ ਇੱਥੇ ਆ ਕੇ ਗੱਲ ਕਰਨ ਲਈ ਕਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਹ ਰਸਤੇ ਵਿੱਚ ਆ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਨੂੰ ਫੋਨ ’ਤੇ ਸੂਚਿਤ ਕੀਤਾ ਕਿ ਕੁੱਟਮਾਰ ਕਰਨ ਕਰਕੇ ਲੜਕੀ ਨੂੰ ਮਾਰ ਦਿੱਤਾ ਗਿਆ ਹੈ। ਥਾਣਾ ਮੁਖੀ ਪਾਤੜਾਂ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।