ਮਾਤਾ ਕਾਲੀ ਦੇਵੀ ਮੰਦਰ ’ਚ ਡੇਢ ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ
ਚੌਥੇ ਨਰਾਤੇ ਮੌਕੇ ਲਗਪਗ 35,000 ਹਜ਼ਾਰ ਸ਼ਰਧਾਲੂ ਮੰਦਰ ਪੁੱਜੇ; ਸੁਰੱਖਿਆ ਪ੍ਰਬੰਧਾਂ ਲਈ ਸੀ ਆਰ ਪੀ ਐੱਫ ਤਾਇਨਾਤ
ਪਟਿਆਲਾ ਦੇ ਇਤਿਹਾਸਕ ਤੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਰ ਵਿੱਚ ਚੱਲ ਰਹੇ ਅੱਸੂ ਦੇ ਨਵਰਾਤਰਿਆਂ ਦੌਰਾਨ ਅੱਜ ਤੱਕ ਕਰੀਬ ਡੇਢ ਲੱਖ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਸ਼ਨ ਕੀਤੇ ਹਨ। ਅੱਜ ਚੌਥੇ ਨਰਾਤੇ ਮੌਕੇ ਕਰੀਬ 35,000 ਹਜ਼ਾਰ ਸ਼ਰਧਾਲੂ ਪੁੱਜੇ ਤੇ ਸ਼ਰਧਾ ਨਾਲ ਮੰਦਰ ਵਿਖੇ ਨਤਮਸਤਕ ਹੋਏ। ਇਸ ਕਰਕੇ ਮੰਦਿਰ ਵਿਖੇ ਵੱਡੀ ਗਿਣਤੀ ਪੁੱਜ ਰਹੇ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਿਰ ਦੀ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ।
ਇਸੇ ਦੌਰਾਨ ਸਲਾਹਕਾਰ ਮੈਨੇਜਿੰਗ ਕਮੇਟੀ ਦੇ ਮੈਂਬਰ ਸੀ.ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾ ਨੇ ਦੱਸਿਆ ਕਿ ਮੰਦਿਰ ’ਚ ਸ਼ਰਧਾਲੂਆਂ ਵੱਲੋਂ ਦਰਸ਼ਨ ਕਰਨ ਲਈ ਲਾਈਨਾਂ, ਧਾਰਮਿਕ ਭਜਨ, ਹਵਨ, ਸੁਰੱਖਿਆ, ਲੰਗਰ, ਵੀਲ੍ਹ ਚੇਅਰ, 2 ਹੈਲਪ ਡੈਸਕ, ਸਾਫ਼-ਸਫ਼ਾਈ, ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦੀ ਅਨਾਊਂਸਮੈਂਟ, ਮੈਡੀਕਲ ਟੀਮ, ਲੋੜਵੰਦ ਸ਼ਰਧਾਲੂਆਂ ਲਈ ਵੀਲ੍ਹਚੇਅਰ ਦੇ ਵੀ ਪ੍ਰਬੰਧ ਹਨ। ਇਸੇ ਦੌਰਾਨ ਏ.ਡੀ.ਸੀ. ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਸੁਰੱਖਿਆ ਲਈ 135 ਸੁਰੱਖਿਆ ਮੁਲਾਜ਼ਮ ਤੇ 75 ਸੀਸੀਟੀਵੀ ਕੈਮਰਿਆਂ ਸਮੇਤ 125 ਸਫ਼ਾਈ ਸੇਵਾਦਾਰ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਮੰਦਿਰ ਦੀ ਬਾਹਰੀ ਸੁਰੱਖਿਆ ਲਈ ਪਟਿਆਲਾ ਪੁਲਿਸ ਤੇ ਸੀ.ਆਰ.ਪੀ.ਐੱਫ਼ ਦੇ ਜਵਾਨ ਵੀ ਤਾਇਨਾਤ ਹਨ ਤੇ ਮੰਦਰ ਦੇ ਹਰ ਕੋਨੇ ’ਚ ਪੁਰਸ਼ ਤੇ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਵਿਸ਼ੇਸ਼ ਤਾਇਨਾਤੀ ਕੀਤੀ ਗਈ ਹੈ।