ਪਹਿਲੇ ਚਾਰ ਦਿਨਾਂ ’ਚ 60 ਹਜ਼ਾਰ ਤੋਂ ਵੱਧ ਦਰਸ਼ਕ ਪੁੱਜੇ; 82 ਲੱਖ ਰੁਪਏ ਦੀ ਵਿਕਰੀ
ਪਟਿਆਲਾ(ਗੁਰਨਾਮ ਸਿੰਘ ਅਕੀਦਾ): ਪਟਿਆਲਾ ਵਿਰਾਸਤੀ ਮੇਲੇ ਤਹਿਤ ਇੱਥੇ 14 ਫਰਵਰੀ ਨੂੰ ਸ਼ੁਰੂ ਹੋਏ ਸਾਰਸ ਮੇਲੇ ਵਿਖੇ ਅੱਜ ਤੱਕ 60 ਹਜ਼ਾਰ ਦੇ ਕਰੀਬ ਦਰਸ਼ਕ ਪੁੱਜ ਚੁੱਕੇ ਹਨ। ਇਸ ਸਾਰਸ ਮੇਲੇ ’ਚ ਵੱਖ-ਵੱਖ ਵਸਤੂਆਂ ਦੀ ਖਰੀਦੋ-ਫ਼ਰੋਖ਼ਤ ਲਈ ਵੱਖ-ਵੱਖ ਟੈਂਟਾਂ ’ਚ 155 ਸਟਾਲਾਂ ’ਤੇ ਖੁੱਲ੍ਹੇ ਮੈਦਾਨ ’ਚ 60 ਸਟਾਲਾਂ ਸਜੀਆਂ ਹੋਈਆਂ ਹਨ, ਜਿਨ੍ਹਾਂ ’ਤੇ ਕਰੀਬ ਸਭ ’ਤੇ ਹੀ ਗਾਹਕ ਪੁੱਜ ਕੇ ਖਰ਼ੀਦਦਾਰੀ ਕਰ ਰਹੇ ਹਨ। ਇਥੇ 82 ਲੱਖ ਰੁਪਏ ਤੋਂ ਵੱਧ ਰੁਪਏ ਦੀ ਵਿਕਰੀ ਦਰਜ ਹੋਈ ਹੈ।
ਇਸ ਮੇਲੇ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਨੇ ਦੱਸਿਆ ਇਸ ਸਾਰਸ (ਸੇਲ ਆਫ਼ ਆਰਟੀਕਲਜ਼ ਆਫ਼ ਰੂਰਲ ਆਰਟੀਸਨਸ) ਮੇਲੇ ’ਚ ਜਿੱਥੇ ਦੇਸ਼ ਦੇ 20 ਰਾਜਾਂ ਤੋਂ ਦਸਤਕਾਰ ਪੁੱਜੇ ਹੋਏ ਹਨ, ਉਥੇ ਹੀ 6 ਸਟਾਲਾਂ ਥਾਈਲੈਂਡ, ਟੁਰਕੀ, ਇਜਿਪਟ, ਅਫ਼ਗਾਨਿਸਤਾਨ ਮੁਲਕਾਂ ਦੇ ਦਸਤਕਾਰਾਂ ਦੀਆਂ ਵੀ ਸਜੀਆਂ ਹੋਈਆਂ ਹਨ। ਹੁਣ ਤੱਕ ਔਰਤਾਂ ਦੇ ਸੂਟਾਂ ਤੋਂ ਇਲਾਵਾ ਸੂਤੀ ਕੱਪੜੇ (ਅਜਰਕ), ਖੁਜਰਾ ਦੀ ਕਰੌਕਰੀ, ਬੈਡ ਸ਼ੀਟ, ਹੈਂਡਲੂਮ, ਹੋਮ ਡੈਕੋਰ, ਟਸਲ ਸਿਲਕ, ਫ਼ਰਨੀਚਰ, ਕਾਲੀਨ ਆਦਿ ਦੀ ਵਿਕਰੀ ਵਧੀਆ ਦਰਜ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਖਾਣ-ਪੀਣ ਦੀਆਂ ਸਟਾਲਾਂ ’ਤੇ ਵੀ ਦਰਸ਼ਕਾਂ ਦੀ ਖਿੱਚ ਬਣੀ ਹੋਈ ਹੈ। ਲੱਕੜ ਦਾ ਫਰਨੀਚਰ, ਲੱਕੜ ’ਤੇ ਕਢਾਈ, ਖੁਰਜਾ ਪੌਟਰੀ, ਥਾਈਲੈਂਡ ਤੋਂ ਆਇਆ ਔਰਤਾਂ ਲਈ ਸਜਾਵਟੀ ਸਾਮਾਨ ਤੇ ਹੌਜ਼ਰੀ ਵਸਤਾਂ, ਟਰਕੀ ਦੀਆਂ ਸਜਾਵਟੀ ਵਸਤਾਂ ਆਦਿ ਖਾਸ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਅੱਜ 30 ਲੱਖ ਦੇ ਕਰੀਬ ਸੇਲ ਦਰਜ ਕੀਤੀ ਗਈ ਹੈ ਜਦਕਿ 16 ਫਰਵਰੀ ਨੂੰ 38 ਲੱਖ, 15 ਫਰਵਰੀ ਨੂੰ 13 ਲੱਖ ਅਤੇ ਪਹਿਲੇ ਦਿਨ 1 ਲੱਖ ਦੇ ਕਰੀਬ ਸੇਲ ਦਰਜ ਕੀਤੀ ਗਈ ਸੀ। ਇਸ ਤੋਂ ਬਿਨਾਂ ਲਜ਼ੀਜ਼ ਪਕਵਾਨਾਂ ਦਾ ਸਵਾਦ ਲੈਣ ਸਮੇਤ ਬੱਚਿਆਂ ਲਈ ਝੂਲਿਆਂ 'ਤੇ ਵੀ ਦਰਸ਼ਕ ਵੱਡੀ ਗਿਣਤੀ ਪੁੱਜ ਕੇ ਮਨੋਰੰਜਨ ਕਰ ਰਹੇ ਹਨ।