ਹਲਕੇ ’ਚ ਛੇਤੀ ਬਣਨਗੀਆਂ ਸੜਕਾਂ: ਪਠਾਣਮਾਜਰਾ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਦੇਵੀਗੜ੍ਹ ਨੇੜੇ ਛੰਨਾਂ ਮੋੜ ’ਤੇ ਦੇਵੀਗੜ੍ਹ ਤੋਂ ਨਨਿਓਲਾ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੌਰਾਨ ਪਠਾਣਮਾਜਰਾ ਨੇ ਕਿਹਾ ਕਿ ਦੇਵੀਗੜ੍ਹ ਤੋਂ ਨਨਿਓਲਾ ਹਰਿਆਣਾ ਬਾਰਡਰ ਤੱਕ ਜਾਂਦੀ ਸੜਕ ਇੱਕ ਅਹਿਮ ਸੜਕ ਹੈ ਜੋ ਕਿ ਦੇਵੀਗੜ੍ਹ ਕਸਬੇ ਨੂੰ ਅੰਬਾਲਾ ਸ਼ਹਿਰ ਨਾਲ ਜੋੜਦੀ ਹੈ ਅਤੇ ਇਸ ’ਤੇ ਭਾਰੀ ਆਵਾਜਾਈ ਰਹਿੰਦੀ ਹੈ। ਇਹ ਸੜਕ ਇਸ ਵੇਲੇ ਬਹੁਤ ਜ਼ਿਆਦਾ ਟੁੱਟੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਦਿੱਕਤ ਪੇਸ਼ ਆਉਣੀ ਸੀ। ਇਸ ਸੜਕ ਦੀ ਮੁਰੰਮਤ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਹੀਂ 9.10 ਕਰੋੜ ਰੁਪਏ ਲਿਆਏ ਹਨ। ਇਹ 8.12 ਕਿਲੋਮੀਟਰ ਲੰਮੀ ਸੜਕ 6 ਮਹੀਨਿਆਂ ਵਿੱਚ ਤਿਆਰ ਹੋ ਜਾਵੇਗੀ। ਇਹ ਸੜਕ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈ ਜਾਣੀ ਹੈ। ਇਸ ਸੜਕ ਨੂੰ ਬਹੁਤ ਹੀ ਮਜ਼ਬੂਤੀ ਨਾਲ ਬਣਾਇਆ ਜਾਵੇਗਾ ਤਾਂ ਕਿ ਪੰਜ ਸਾਲ ਟੁੱਟ ਨਾ ਸਕੇ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਮੀਰਾਂਪੁਰ ਤੋਂ ਹਰਿਆਣਾ ਬਾਰਡਰ ਤੱਕ ਸਟੇਟ ਹਾਈਵੇਅ ਨੂੰ ਵੀ ਜਲਦੀ ਨਵਾਂ ਬਣਾਇਆ ਜਾਵੇਗਾ। ਇਸ ਸੜਕ ਵਿੱਚ ਬਣਨ ਵਾਲਾ ਪੁੱਲ ਤਕਰੀਬਨ ਬਣ ਕੇ ਤਿਆਰ ਹੋ ਗਿਆ ਹੈ ਅਤੇ ਇਸ ਉਪਰ ਅਵਾਜਾਈ ਜਲਦੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਲਿੰਕ ਸੜਕਾਂ ਮੰਡੀ ਬੋਰਡ ਵੱਲੋਂ ਪਾਸ ਹੋ ਗਈਆਂ ਹਨ ਅਤੇ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਸੜਕਾਂ ਦੇ ਟੈਂਡਰ ਵੀ ਹੋ ਗਏ ਹਨ ਜਿਨ੍ਹਾਂ ’ਤੇ ਜਲਦੀ ਤੋਂ ਜਲਦੀ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਦੇਵੀਗੜ੍ਹ ਦੀ ਪ੍ਰਧਾਨ ਸਵਿੰਦਰ ਕੌਰ ਧੰਜੂ, ਪੀਏ ਗੁਰਪ੍ਰੀਤ ਗੁਰੀ, ਡਾ. ਗੁਰਮੀਤ ਸਿੰਘ ਬਿੱਟੂ ਉਪ ਚੇਅਰਮੈਨ, ਵੇਦ ਪ੍ਰਕਾਸ਼ ਗਰਗ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਸਿਮਰਜੀਤ ਸਿੋਘ ਸੋਹਲ ਤੇ ਬਲਜਿੰਦਰ ਸਿੰਘ ਨੰਦਗੜ੍ਹ ਆਦਿ ਹਾਜ਼ਰ ਸਨ।