ਵਿਧਾਇਕ ਕੋਹਲੀ ਵੱਲੋਂ ਕੌਂਸਲਰਾਂ ਨਾਲ ਮੀਟਿੰਗ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਮਕਸਦ ਨਾਲ ਹਰੇਕ ਹਲਕੇ ਨੂੰ ਪੰਜ ਕਰੋੜ ਰੁਪਏ ਵਿਕਾਸ ਕਾਰਜਾਂ ਲਈ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ 5 ਕਰੋੜ ਰੁਪਏ ਸਬੰਧਤ ਕੌਂਸਲਰਾਂ ਨਾਲ ਤਾਲਮੇਲ ਕਰ ਕੇ ਵਿਕਾਸ ਕਾਰਜਾਂ ’ਤੇ ਖਰਚੇ ਜਾਣਗੇ। ਜਾਣਕਾਰੀ ਅਨੁਸਾਰ ਅੱਜ ਹਲਕਾ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਸਮੁੱਚੇ ਕੌਂਸਲਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸਮੁੱਚੇ ਕੌਂਸਲਰਾਂ ਨੂੰ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਕਿਹਾ ਗਿਆ ਕਿ ਉਹ ਆਪੋ ਆਪਣੇ ਵਾਰਡਾਂ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਦੇ ਐਸਟੀਮੇਟ ਤਿਆਰ ਕਰਨ ਤਾਂ ਕਿ ਹਰ ਵਾਰਡ ਵਿੱਚ ਵਿਕਾਸ ਕਾਰਜ ਕਰਵਾਏ ਜਾ ਸਕਣ। ਵਿਧਾਇਕ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਇਸ ਤਰ੍ਹਾਂ ਕੌਂਸਲਰਾਂ ਨਾਲ ਮੀਟਿੰਗ ਕਰਕੇ ਜਾਂ ਉਨ੍ਹਾਂ ਦੇ ਹਿਸਾਬ ਦੇ ਨਾਲ ਕਦੇ ਵੀ ਵਿਕਾਸ ਕਾਰਜ ਨਹੀਂ ਕੀਤੇ। ਪਿਛਲੀਆਂ ਸਰਕਾਰਾਂ ਨੇ ਕਦੇ ਵੀ ਕੌਂਸਲਰਾਂ ਜਾਂ ਆਮ ਲੋਕਾਂ ਤੋਂ ਇਹ ਵੀ ਨਹੀਂ ਪੁੱਛਿਆ ਹੋਏਗਾ ਕਿ ਇਸ ਇਲਾਕੇ ਵਿੱਚ ਕਿਹੜਾ ਕੰਮ ਹੋਣ ਵਾਲਾ ਹੈ, ਇਸ ਲਈ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਲੋਕਾਂ ਦੇ ਮੁਤਾਬਕ ਵਿਕਾਸ ਕਾਰਜ ਕਰੇਗੀ, ਇਸ ਲਈ ਸਮੁੱਚੇ ਕੌਂਸਲਰ ਸਭ ਤੋਂ ਪਹਿਲਾਂ ਆਪਣੇ ਐਸਟੀਮੇਟ ਆਪਣੇ ਇਲਾਕੇ ਦੇ ਹਿਸਾਬ ਨਾਲ ਲੋਕਾਂ ਨੂੰ ਪੁੱਛ ਕੇ ਤਿਆਰ ਕਰਨਗੇ ਅਤੇ ਫਿਰ ਸਰਕਾਰ ਉਹ ਵਿਕਾਸ ਕਾਰਜ ਨੇਪਰੇ ਚੜ੍ਹਾਏਗੀ।