ਵਿਧਾਇਕ ਵੱਲੋਂ ਟਰੱਕ ਯੂਨੀਅਨ ਦੀ ਨਵੀਂ ਚੁਣੀ ਟੀਮ ਦਾ ਸਨਮਾਨ
ਰਣਜੀਤ ਸਿੰਘ ਵਿਰਕ ਮੁੜ ਪ੍ਰਧਾਨ ਬਣੇ; 11 ਮੈਂਬਰੀ ਨਵੀਂ ਕਮੇਟੀ ਦਾ ਐਲਾਨ
ਟਰੱਕ ਯੂਨੀਅਨ ਪਾਤੜਾਂ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ ਤੇ ਪਿਛਲੇ ਸਮੇਂ ਤੋਂ ਪ੍ਰਧਾਨ ਚਲੇ ਆ ਰਹੇ ‘ਆਪ’ ਆਗੂ ਰਣਜੀਤ ਸਿੰਘ ਵਿਰਕ ਡਰੋਲੀ ਨੂੰ ਮੁੜ ਤੋਂ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦੌਰਾਨ 11 ਮੈਂਬਰੀ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਅਮੀਰ ਸਿੰਘ ਅਤਾਲਾਂ, ਹਰਦੀਪ ਸਿੰਘ ਖਾਂਗ, ਰਛਪਾਲ ਸਿੰਘ ਸਾਬਕਾ ਸਰਪੰਚ, ਧਰਮਾ ਸਿੰਘ ਦੁਤਾਲ, ਜੋਗਿੰਦਰ ਸਿੰਘ ਖਾਸਪੁਰ, ਜਸਵਿੰਦਰ ਸਿੰਘ ਸੇਲਵਾਲਾ, ਸੁਖਵਿੰਦਰ ਸਿੰਘ ਦਿਓਗੜ੍ਹ, ਗੁਰਦੀਪ ਸਿੰਘ ਬੁਰੜ੍ਹ, ਸਰਬਜੀਤ ਸਿੰਘ ਖਾਂਗ, ਪਿਆਰਾ ਸਿੰਘ ਅਤੇ ਅਮਨਦੀਪ ਸਿੰਘ ਨਿਆਲ ਨੂੰ ਸ਼ਾਮਿਲ ਕੀਤਾ ਗਿਆ ਹੈ। ਟਰੱਕ ਯੂਨੀਅਨ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਹੈ ਕਿ ਟਰੱਕ ਯੂਨੀਅਨ ਪਾਤੜਾਂ ਦੀ ਮਿਹਨਤੀ ਟੀਮ ਵੱਲੋਂ ਪਿਛਲੇ ਸਮੇਂ ਦੌਰਾਨ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਗਈ। ਮੁੜ ਤੋਂ ਪ੍ਰਧਾਨ ਚੁਣੇ ਗਏ ਰਣਜੀਤ ਸਿੰਘ ਵਿਰਕ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਕਿਹਾ ਕਿ ਨਵੀਂ ਚੁਣੀ ਗਈ ਕਮੇਟੀ ਵਿੱਚ ਵੀ ਸਾਰੇ ਇਮਾਨਦਾਰ ਅਤੇ ਮਿਹਨਤੀ ਅਪਰੇਟਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਪ੍ਰਧਾਨ ਬਣੇ ਰਣਜੀਤ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਪਿਛਲੇ ਕਾਰਜਕਾਲ ਦੌਰਾਨ ਟਰੱਕ ਅਪਰੇਟਰਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਿਆਂ ਵਪਾਰੀ ਵਰਗ ਨੂੰ ਦਿੱਕਤ ਪੇਸ਼ ਨਹੀਂ ਆਉਣ ਦਿੱਤੀ।