ਪੰਜਾਬ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ ਤਹਿਤ ਹੜ੍ਹ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੁਹਿੰਮ ਅਧੀਨ ਘਨੌਰ ਦੇ 10 ਪਿੰਡਾਂ ਵਿੱਚ 9 ਕਰੋੜ 37 ਲੱਖ ਦੀ ਰਕਮ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਦਿੱਤੀ। ਵਿਧਾਇਕ ਨੇ ਦੱਸਿਆ ਕਿ ਹਲਕਾ ਘਨੌਰ ਦੇ ਪਿੰਡ ਕਾਮੀ ਕਲਾਂ, ਗੋਬਿੰਦਗੜ੍ਹ ਦਾਖਲੀ, ਲਾਛੜੂ ਖੁਰਦ, ਲਾਛੜੂ ਕਲਾਂ, ਚਮਾਰੂ, ਕਾਮੀ ਖੁਰਦ, ਜੰਡ ਮੰਗੌਲੀ, ਉਂਟਸਰ, ਰਾਏਪੁਰ, ਨਨਹੇੜੀ ਅਤੇ ਸੰਜਰਪੁਰ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਕਿਸਾਨਾਂ ਦੀ ਜਾਣਕਾਰੀ ਇਕੱਤਰ ਕਰ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰਾਬਾ ਰਕਮ ਸਿੱਧੀ ਟਰਾਂਸਫਰ ਕੀਤੀ ਗਈ ਹੈ। ਵਿਧਾਇਕਾ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਤੇਜ਼ੀ ਨਾਲ ਕਦਮ ਚੁੱਕਦਿਆਂ ਮੁਆਵਜ਼ਾ ਬਿਨਾਂ ਕਿਸੇ ਰੁਕਾਵਟ ਦੇ ਪਾਰਦਰਸ਼ੀ ਢੰਗ ਨਾਲ ਉਨ੍ਹਾਂ ਦੇ ਖਾਤਿਆਂ ਵਿੱਚ ਭੇਜਿਆ ਹੈ। ਕਿਸਾਨਾਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਦੀ ਭਰਪਾਈ ਦੀ ਕਾਰਵਾਈ ਬਿਲਕੁਲ ਸਮੇਂ ਸਿਰ ਤੇ ਸੱਚੀ ਨੀਤੀ ਨਾਲ ਕੀਤੀ ਗਈ ਹੈ।
ਸਮਾਣਾ: ਛੇ ਪਿੰਡਾਂ ਦੇ ਕਿਸਾਨਾਂ ਨੂੰ 1.87 ਕਰੋੜ ਵੰਡੇ
ਸਮਾਣਾ (ਸੁਭਾਸ਼ ਚੰਦਰ): ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ ਤਹਿਤ ਨੁਕਸਾਨ ਦੀ ਭਰਪਾਈ ਕਰਨ ਲਈ ਸੂਬੇ ਭਰ ਵਿੱਚ ਬਹੁਤ ਜਲਦੀ ਅਤੇ ਸੁਚਾਰੂ ਢੰਗ ਨਾਲ ਮੁਆਵਜ਼ੇ ਦੀ ਰਕਮ ਹੜ੍ਹ ਪੀੜਤ ਪਰਿਵਾਰਾਂ ਦੇ ਖਾਤੇ ਵਿੱਚ ਪਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਐੱਸ ਡੀ ਐੱਮ ਰਿਚਾ ਗੋਇਲ ਨੇ ਦੱਸਿਆ ਕਿ ਸਬ ਡਿਵੀਜ਼ਨ ਸਮਾਣਾ ਅਧੀਨ 06 ਪਿੰਡ ਰਤਨਹੇੜੀ, ਸਪਰਹੇੜੀ, ਮਰਦਾਹੇੜੀ, ਅਸਮਾਨਪੁਰ, ਮਰੌੜੀ ਅਤੇ ਗੁਰਦਿਆਲਪੁਰਾ ਦੀ ਕੁੱਲ 917 ਏਕੜ ਜ਼ਮੀਨ ਕਰੀਬ 16 ਮਕਾਨ 3 ਪਸ਼ੂ ਤੇ ਇੱਕ ਪਸ਼ੂ ਸੈੱਡ ਹੜ੍ਹਾਂ ਕਾਰਨ ਨੁਕਸਾਨੇ ਗਏ ਸਨ। ਐੱਸ ਡੀ ਐੱਮ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਇਨ੍ਹਾਂ ਪਿੰਡਾਂ ਦੇ ਪ੍ਰਭਾਵਿਤ ਕਿਸਾਨਾਂ ਦੀ ਸਾਰੀ ਜਾਣਕਾਰੀ ਇਕੱਤਰ ਕਰਨ ਉਪਰੰਤ ਇਨ੍ਹਾਂ ਦੇ ਖਾਤਿਆਂ ਵਿੱਚ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੁੱਲ 06 ਪਿੰਡਾਂ ਵਿੱਚ 324 ਹੜ੍ਹ ਪੀੜਤ ਪਰਿਵਾਰਾਂ ਨੂੰ 1 ਕਰੋੜ 87 ਲੱਖ ਰੁਪਏ ਖਰਾਬਾ ਰਾਸ਼ੀ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਕਾਨਾਂ ਪਸ਼ੂਆਂ ਤੇ ਪਸ਼ੂ ਸ਼ੈੱਡ ਦੇ ਖਰਾਬੇ ਦੀ ਡਿਮਾਂਡ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ ਜੋ ਆਉਣ ’ਤੇ ਜਲਦੀ ਹੀ ਪੀੜਤ ਪਰਿਵਾਰਾਂ ਵਿੱਚ ਵੰਡੀ ਜਾਵੇਗੀ। ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਬਿਨਾਂ ਕਿਸੇ ਦੇਰੀ ਦੇ ਮੁਆਵਜ਼ਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਉਣ ਲਈ ਧੰਨਵਾਦ ਕੀਤਾ।

