ਹੜ੍ਹ ਪੀੜਤਾਂ ਦੀ ਮਦਦ ਲਈ ਮਿਸ਼ਨ ਚੜ੍ਹਦੀ ਕਲਾ ਸ਼ੁਰੂ: ਬਲਬੀਰ ਸਿੰਘ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬੀਆਂ, ਵਪਾਰੀਆਂ ਤੇ ਸਮਾਜ ਸੇਵੀ ਸੰਸਥਾਵਾਂ ਲਈ ਮਿਸ਼ਨ ਚੜ੍ਹਦੀਕਲਾ ਮੰਚ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਮਦਦ ਕਰਨ ਵਾਲਿਆਂ ਦਾ ਪੈਸਾ ਲੋੜਵੰਦਾਂ ਦੀ ਮਦਦ ਕਰਨ ਲਈ ਖ਼ਰਚਿਆ ਜਾਵੇਗਾ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਇਸੇ ਤਹਿਤ ਉਨ੍ਹਾਂ ਨੇ ਆਪਣੀ ਸਵਾ ਲੱਖ ਰੁਪਏ ਤਨਖਾਹ ਪਹਿਲਾਂ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਲਈ ਦਿੱਤੀ ਸੀ ਅਤੇ ਹੁਣ ਫਿਰ ਤਨਖਾਹ ਦੇ ਸਵਾ ਲੱਖ ਰੁਪਏ ਮਿਸ਼ਨ ਚੜ੍ਹਦੀਕਲਾ ਲਈ ਦਾਨ ਦੇ ਰਹੇ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹੁਣ ਹੜ੍ਹਾਂ ਤੋਂ ਬਾਅਦ ਮਹਾਂਮਾਰੀ ਫੈਲਣ ਤੋਂ ਬਚਾਅ ਲਈ ਸਿਹਤ ਵਿਭਾਗ ਮੁਸਤੈਦੀ ਨਾਲ ਲੱਗਿਆ ਹੋਇਆ ਹੈ ਅਤੇ ਹੜ੍ਹਾਂ ਵਿੱਚ ਵੀ 848 ਟੀਮਾਂ ਬਣਾ ਕੇ 24 ਘੰਟੇ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਰਕੇ ਸਿਹਤ ਵਿਭਾਗ ਦਾ ਵੀ 780 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਸਿਹਤ ਵਿਭਾਗ ਨੇ ਵਿਸ਼ੇਸ਼ ਕੈਂਪ ਲਗਾਕੇ ਹੁਣ ਤੱਕ 1.42 ਲੱਖ ਲੋਕਾਂ ਦੀ ਜਾਂਚ ਅਤੇ 87 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਹਨ। ਹੁਣ ਵਿਭਾਗ ਨੇ ਡੇਂਗੂ, ਚਿਕਨਗੁਨੀਆ, ਡਾਇਰੀਆ, ਹੈਜਾ ਤੇ ਹੋਰ ਮਾਰੂ ਬਿਮਾਰੀਆਂ ਦੀ ਰੋਕਥਾਮ ਲਈ 92 ਲੱਖ ਘਰਾਂ ਤੱਕ ਪਹੁੰਚ ਬਣਾਈ ਹੈ। ਇਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਚੜ੍ਹਦੀਕਲਾ ’ਚ ਯੋਗਦਾਨ ਪਾਉਣ ਲਈ ਪੰਜਾਬ ਸਰਕਾਰ ਦੀ ਰੰਗਲਾ ਪੰਜਾਬ ਵੈੱਬਸਾਈਟ www.rangla.punjab.gov.in ’ਤੇ ਸੰਪਰਕ ਕੀਤਾ ਜਾ ਸਕਦਾ ਹੈ।