ਮਗਨਰੇਗਾ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ
ਖੇਤਰੀ ਪ੍ਰਤੀਨਿਧ ਪਟਿਆਲਾ, 1 ਮਾਰਚ ਸੈਂਕੜੇ ਮਗਨਰੇਗਾ ਵਰਕਰਾਂ ਨੇ ਆਪਣੀਆਂ ਮੰਗਾਂ ਲਈ ਡੈਮੋਕਰੈਟਿਕ ਮਗਨਰੇਗਾ ਫਰੰਟ ਦੀ ਅਗਵਾਈ ਹੇਠ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ’ਤੇ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ। ਇਸ ਮੌਕੇ ਫੈਸਲਾ ਲਿਆ ਗਿਆ...
ਖੇਤਰੀ ਪ੍ਰਤੀਨਿਧ
ਪਟਿਆਲਾ, 1 ਮਾਰਚ
ਸੈਂਕੜੇ ਮਗਨਰੇਗਾ ਵਰਕਰਾਂ ਨੇ ਆਪਣੀਆਂ ਮੰਗਾਂ ਲਈ ਡੈਮੋਕਰੈਟਿਕ ਮਗਨਰੇਗਾ ਫਰੰਟ ਦੀ ਅਗਵਾਈ ਹੇਠ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ’ਤੇ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ। ਇਸ ਮੌਕੇ ਫੈਸਲਾ ਲਿਆ ਗਿਆ ਕਿ ਜੇਕਰ ਅਗਲੇ ਦਿਨਾਂ ’ਚ ਸ਼ਿਕਾਇਤਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਵਰਕਰ ਰੋਜ਼ਾਨਾ ਡੀਸੀ ਦਫ਼ਤਰ ਦੇ ਬਾਹਰ ਦਰੱਖਤਾਂ ’ਤੇ ਸ਼ਿਕਾਇਤਾਂ ਟੰਗ ਕੇ ਜਾਇਆ ਕਰਨਗੇ। ਇਸ ਮੌਕੇ ਡੀਐੱਮਐੱਫ ਦੇ ਸੂਬਾਈ ਪ੍ਰਧਾਨ ਰਾਜ ਕੁਮਾਰ ਨੇ ਦੋਸ਼ ਲਗਾਇਆ ਕਿ ਪ੍ਰਾਜੈਕਟ ਸਾਈਟਾਂ ’ਤੇ ਸੁਰੱਖਿਆ ਪ੍ਰਬੰਧ ਨਹੀਂ ਹੁੰਦੇ। ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਨੇ ਕਿਹਾ ਕਿ ਸਤੰਬਰ ਵਿੱਚ ਕੀਤੀਆਂ ਸ਼ਿਕਾਇਤਾਂ ਵਿੱਚ ਜਾਅਲੀ ਪ੍ਰਾਜੈਕਟਾਂ, ਫਰਜ਼ੀ ਹਾਜ਼ਰੀਆਂ ਤੇ ਅਲਾਟਮੈਂਟ ਪੱਤਰ ਜਾਰੀ ਨਾ ਕਰਨ ਸਮੇਤ ਹੋਰ ਗੈਰ-ਕਾਨੂੰਨੀ ਤਾਇਨਾਤੀਆਂ ਵਰਗੇ ਮਾਮਲਿਆਂ ’ਤੇ ਪ੍ਰਸ਼ਾਸਨ ਗੌਰ ਨਹੀਂ ਫਰਮਾ ਰਿਹਾ। ਆਈਡੀਪੀ ਦੇ ਸੂਬਾਈ ਆਗੂ ਗੁਰਮੀਤ ਸਿੰਘ ਥੂਹੀ ਦਾ ਕਹਿਣਾ ਸੀ ਕਿ ਮਗਨਰੇਗਾ ਐਕਟ ਕਿਸੇ ਵੀ ਸ਼ਿਕਾਇਤ ਦਾ ਸੱਤ ਦਿਨਾਂ ਵਿੱਚ ਨਿਪਟਾਰੇ ਦੇ ਨਿਰਦੇਸ਼ ਦਿੰਦਾ ਹੈ, ਪਰ ਇਸ ਵੱਲ ਅਧਿਕਾਰੀ ਕੋਈ ਤਵੱਜੋਂ ਹੀ ਨਹੀਂ ਦਿੰਦੇ। ਇਸ ਮੌਕੇ ਮਨਦੀਪ ਕੌਰ ਨੂਰਪੁਰਾ, ਕੁਲਵੰਤ ਕੌਰ ਚੰਨ ਕਮਾਸਪੁਰ, ਜਗਦੇਵ ਭੋੜੇ, ਲਖਬੀਰ ਲਾਡੀ, ਕਰਮਜੀਤ ਕੌਰ ਬਨੇਰਾ, ਸੁਖਵਿੰਦਰ ਕੌਰ ਨੌਹਰਾ ਤੇ ਸੁਰਿੰਦਰ ਕੌਰ ਆਦਿ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤੋਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।

