ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਮੈਂਬਰ ਸਕੱਤਰ ਨਵਜੋਤ ਕੌਰ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ ਦਾ ਨਿਰੀਖਣ ਕੀਤਾ ਗਿਆ ਅਤੇ ਨਾਲਸਾ ਦੀ ਡੀਏਡਬਲਿਊਐੱਨ ਸਕੀਮ ਬਾਰੇ ਬੰਦੀਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਵੀ ਕਰਵਾਇਆ ਗਿਆ। ਇਸ ਮੌਕੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਮਨਦੀਪ ਕੰਬੋਜ ਵੀ ਮੌਜੂਦ ਸਨ। ਮੈਂਬਰ ਸਕੱਤਰ ਨਵਜੋਤ ਕੌਰ ਨੇ ਕੈਦੀਆਂ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਅਤੇ ਨਾਲਸਾ ਅਤੇ ਪਲਸਾ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਨਿਰੀਖਣ ਦੌਰਾਨ ਮੈਂਬਰ ਸਕੱਤਰ ਨੇ ਨਿੱਜੀ ਤੌਰ ’ਤੇ ਮਹਿਲਾ ਬੈਰਕ ਦਾ ਦੌਰਾ ਕੀਤਾ। ਇਸ ਮੌਕੇ ਜੱਜ ਸਾਹਿਬਾਨ ਨੇ ਆਪਣੇ ਦੌਰੇ ਦੌਰਾਨ ਜੇਲ੍ਹ ’ਚ ਬੰਦ ਮਹਿਲਾਵਾਂ ਕੈਦੀਆਂ ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ/ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਹੱਥੀਂ ਬਣਾਈਆਂ ਰਚਨਾਵਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵਿੱਚ ਗੁੰਝਲਦਾਰ ਕਢਾਈ ਵਾਲੇ ਕੱਪੜੇ, ਰਵਾਇਤੀ ਫੁਲਕਾਰੀ ਦਾ ਕੰਮ ਅਤੇ ਹੱਥ ਨਾਲ ਬਣੇ ਬੈਗ ਸ਼ਾਮਲ ਹਨ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਪਟਿਆਲਾ ਵੱਲੋਂ ਸਿਹਤ ਵਿਭਾਗ ਅਤੇ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ, ਪਟਿਆਲਾ ਵਿੱਚ ਮਹਿਲਾ ਬੈਰਕ ਵਿਖੇ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਵਿੱਚ ਕੈਦੀਆਂ ਦੀ ਡਾਕਟਰੀ ਜਾਂਚ ਮਾਹਿਰ ਡਾਕਟਰਾਂ ਵੱਲੋਂ ਕੀਤੀ ਗਈ। ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ।
ਦੌਰੇ ਦੌਰਾਨ ਮੈਂਬਰ ਸਕੱਤਰ ਨੇ ਜੇਲ੍ਹ ਦੇ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਨੂੰ ਵੀ ਚੈੱਕ ਕੀਤਾ। ਨਵਜੋਤ ਕੌਰ ਤੇ ਚੀਫ਼ ਲੀਗਲ ਏਡ ਡਿਫੈਂਸ ਕਾਊਂਸਲ, ਪਟਿਆਲਾ ਗਗਨਦੀਪ ਸਿੰਘ ਘੀੜੇ ਨੇ ਨਾਲਸਾ ਦੀ ਡੀਏਡਬਲਿਊਐਨ ਸਕੀਮ ਤੇ ਚਾਨਣਾ ਪਾਇਆ।