ਮੇਅਰ ਕੁੰਦਨ ਗੋਗੀਆ ਵੱਲੋਂ ਸਫਾਈ ਪ੍ਰਬੰਧਾਂ ਦਾ ਜਾਇਜ਼ਾ
ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਸਵੇਰੇ ਸਫ਼ਾਈ ਪ੍ਰਬੰਧਾਂ ਜਾਇਜ਼ਾ ਲੈਣ ਲਈ ਤਿੰਨ ਖੇਤਰਾਂ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਮੇਅਰ ਨੇ ਨਗਰ ਨਿਗਮ ਦੇ ਸਫ਼ਾਈ ਪ੍ਰਬੰਧਾਂ, ਮੁਲਾਜ਼ਮਾਂ ਦੀ ਹਾਜ਼ਰੀ ਅਤੇ ਜ਼ਮੀਨੀ ਹਾਲਾਤ ਦੀ ਸਖ਼ਤੀ ਨਾਲ ਜਾਂਚ ਕੀਤੀ। ਜਾਣਕਾਰੀ ਅਨੁਸਾਰ ਮੇਅਰ ਗੋਗੀਆ ਨੇ ਪਹਿਲਾਂ ਕੱਪੜਾ ਮਾਰਕੀਟ, ਮੋਦੀ ਕਾਲਜ, ਅਨਾਰਦਾਨਾ ਚੌਕ ਇਲਾਕੇ ’ਚ ਰੋਜ਼ਾਨਾ ਦੀ ਸਫ਼ਾਈ, ਘਰਾਂ ਤੋਂ ਕੂੜਾ ਚੁੱਕਣ ਦੀ ਪ੍ਰਕਿਰਿਆ, ਗੰਦ ਕੱਢਣ ਵਾਲੀ ਮਸ਼ੀਨਾਂ ਦੀ ਹਾਲਤ ਅਤੇ ਨਿਕਾਸੀ ਪ੍ਰਬੰਧਾਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰ ਸਵੇਰ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਮਾਹੌਲ ਮਿਲਣਾ ਲਾਜ਼ਮੀ ਹੈ ਅਤੇ ਇਨ੍ਹਾਂ ਸਥਿਤੀਆਂ ’ਚ ਕੋਈ ਵੀ ਲਾਪ੍ਰਵਾਹੀ ਕਬੂਲ ਨਹੀਂ ਕੀਤੀ ਜਾਵੇਗੀ। ਮੇਅਰ ਨੇ ਸਫ਼ਾਈ ਕਰਮਚਾਰੀਆਂ ਦੀ ਮੌਜੂਦਗੀ ਨੂੰ ਚੈੱਕ ਕਰਨ ਮਗਰੋਂ ਰਜਿਸਟਰ ਦੇਖਣ ਤੋਂ ਇਲਾਵਾ ਲੋਕਾਂ ਨਾਲ ਗੱਲਬਾਤ ਕਰਕੇ ਪੁਸ਼ਟੀ ਵੀ ਕੀਤੀ ਕਿ ਕੀ ਕਰਮਚਾਰੀ ਸਮੇਂ ਸਿਰ ਪਹੁੰਚਦੇ ਹਨ ਜਾਂ ਨਹੀਂ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਕੰਮ ’ਤੇ ਆ ਕੇ ਗੈਰ ਹਾਜ਼ਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਇਲਾਕਾ ਵਾਸੀਆਂ ਨਾਲ ਵੀ ਗੱਲਬਾਤ ਕਰਦਿਆਂ ਅਪੀਲ ਕੀਤੀ, ‘‘ਸਫ਼ਾਈ ਸਿਰਫ਼ ਇੱਕ ਵਿਭਾਗ ਦੀ ਜ਼ਿੰਮੇਵਾਰੀ ਨਹੀਂ, ਇਹ ਹਰ ਸ਼ਹਿਰੀ ਦੀ ਸਾਂਝੀ ਜ਼ਿੰਮੇਵਾਰੀ ਹੈ। ਜਦ ਤੱਕ ਅਸੀਂ ਸਭ ਮਿਲ ਕੇ ਇਸ ਕੰਮ ਨੂੰ ਸੰਭਾਲਣ ਦੀ ਕੋਸ਼ਿਸ਼ ਨਹੀਂ ਕਰਦੇ, ਤਦ ਤੱਕ ਤਰੱਕੀ ਨਹੀਂ ਹੋ ਸਕਦੀ’’। ਮੇਅਰ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੱਸਿਆ ਕਿ ਅਜਿਹੀਆਂ ਚੈਕਿੰਗਾਂ ਹੁਣ ਹਫ਼ਤੇ ਵਿੱਚ ਕਈ ਵਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਸਫ਼ਾਈ ਵਿਭਾਗ ਨਵੀਂ ਰਣਨੀਤੀ ਨਾਲ ਕੰਮ ਕਰਨ ਦੀ ਸ਼ੁਰੂਆਤ ਕਰ ਰਿਹਾ ਹੈ, ਤਾਂ ਜੋ ਪਟਿਆਲਾ ਸ਼ਹਿਰ ਨੂੰ ਸੂਚੀ ’ਚ ਪਹਿਲੇ ਨੰਬਰ ’ਤੇ ਲਿਆਂਦਾ ਜਾ ਸਕੇ। ਸਥਾਨਕ ਵਾਸੀਆਂ ਨੇ ਮੇਅਰ ਦੇ ਇਸ ਐਕਸ਼ਨ ਦੀ ਤਾਰੀਫ਼ ਕੀਤੀ। ਇਲਾਕੇ ਦੇ ਲੋਕਾਂ ਨੇ ਸਾਂਝੇ ਤੌਰ ’ਤੇ ਕਿਹਾ, ‘‘ਅਸੀਂ ਪਹਿਲੀ ਵਾਰ ਵੇਖਿਆ ਕਿ ਕੋਈ ਮੇਅਰ ਸਵੇਰੇ 6 ਵਜੇ ਸੜਕਾਂ ’ਤੇ ਘੁੰਮ ਕੇ ਸਫ਼ਾਈ ਦੇ ਹਾਲਾਤ ਦੇਖ ਰਿਹਾ ਹੈ। ਇਹ ਸਾਡੀ ਉਮੀਦਾਂ ਨੂੰ ਹੋਰ ਵਧਾਉਂਦਾ ਹੈ।’’