ਪਟਿਆਲਾ ਦੀਆਂ ਖ਼ਰਾਬ ਸੜਕਾਂ ਨੂੰ ਜਲਦੀ ਠੀਕ ਕਰਨ ਸਬੰਧੀ ਲਈ ਅੱਜ ਨਗਰ ਨਿਗਮ ਵਿਖੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਦੀ ਅਗਵਾਈ ਵਿੱਚ ਮੀਟਿੰਗ ਸੱਦੀ ਗਈ। ਇਸ ਮੌਕੇ ਪੀਡਬਲਿਊਡੀ ਅਤੇ ਐੱਲਐਂਡਟੀ ਅਤੇ ਨਿਗਮ ਅਧਿਕਾਰੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਵਾਸੀਆਂ ਨੂੰ ਖ਼ਰਾਬ ਸੜਕਾਂ ਕਾਰਨ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੱਡਿਆਂ ਅਤੇ ਟੁੱਟੀਆਂ ਸੜਕਾਂ ਕਰਕੇ ਹਾਦਸਿਆਂ ਦਾ ਖ਼ਤਰਾ ਵੀ ਵਧ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਸੜਕਾਂ ਦੇ ਕੰਮ ਨੂੰ ਬਿਨਾਂ ਦੇਰੀ ਤੇ ਉੱਚ ਮਿਆਰ ਨਾਲ ਪੂਰਾ ਕੀਤਾ ਜਾਵੇ। ਕਮਿਸ਼ਨਰ ਨੇ ਕਿਹਾ ਕਿ ਕੰਮ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ। ਇਸ ਮੌਕੇ ਪੀਡਬਲਿਊਡੀ ਅਤੇ ਐੱਲਐਂਡਟੀ ਦੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਪਟਿਆਲਾ ਦੀਆਂ ਸੜਕਾਂ ਨੂੰ ਜਲਦੀ ਦਰੁਸਤ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਸੁਵਿਧਾਜਨਕ ਆਵਾਜਾਈ ਮਿਲੇਗੀ। ਮੀਟਿੰਗ ਵਿੱਚ ਕੈਬਿਨਟ ਮੰਤਰੀ ਡਾ. ਬਲਬੀਰ ਸਿੰਘ ਦੇ ਪੁੱਤਰ ਐਡਵੋਕੇਟ ਰਾਹੁਲ ਸੈਣੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਹੂਲਤਾਂ ਦੇਣਾ ਹੈ ਅਤੇ ਜਿੱਥੇ ਵੀ ਕੰਮ ਵਿੱਚ ਰੁਕਾਵਟ ਹੈ, ਉਸ ਨੂੰ ਤੁਰੰਤ ਦੂਰ ਕੀਤਾ ਜਾਵੇਗਾ।