ਮਹਾਨ ਕੋਸ਼ ਵਿਵਾਦ: ਅਧਿਕਾਰੀਆਂ ’ਤੇ ਕਾਰਵਾਈ ਦਾ ਵਿਰੋਧ
ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਮਹਾਨ ਕੋਸ਼ ਦਾ ਵਿਵਾਦ ਥੰਮ੍ਹਣ ਦਾ ਨਾਮ ਨਹੀਂ ਲੈ ਰਿਹਾ। ਅੱਜ ਪ੍ਰੋਗਰੈਸਿਵ ਟੀਚਰਜ਼ ਫ਼ਰੰਟ (ਪੀਟੀਐੱਫ) ਨੇ ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਸਬੰਧੀ ਉੱਠੇ ਵਿਵਾਦ ਬਾਰੇ ਵਿਚਾਰ ਵਟਾਂਦਰਾ ਕੀਤਾ। ਅਲਾਇੰਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਹਾਨ ਕੋਸ਼ ਸਬੰਧੀ ਉੱਠੇ ਵਿਵਾਦ ਨੂੰ ਧਾਰਮਿਕ ਰੰਗਤ ਦੇਣ ਵਾਲਿਆਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਕਿਉਂਕਿ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼, ਜੋ ਧਾਰਮਿਕ, ਸਮਾਜਿਕ, ਆਰਥਿਕ ਹਰ ਵਿਸ਼ੇ ਦੇ ਗਿਆਨ ਦਾ ਭੰਡਾਰ ਹੈ, ਜਿਸ ਨੂੰ ਖੋਜ ਲਈ ਵਰਤਿਆ ਜਾਂਦਾ ਹੈ। ਅਲਾਇੰਸ ਨੇ ਇਹ ਵੀ ਆਖਿਆ ਕਿ ਬਿਨਾਂ ਤਫ਼ਤੀਸ਼ ਕੀਤੇ ਸਰਕਾਰ ਵੱਲੋਂ ਯੂਨੀਵਰਸਿਟੀ ਅਧਿਆਪਕਾਂ ਅਤੇ ਅਧਿਕਾਰੀਆਂ ਖ਼ਿਲਾਫ਼ ਪਰਚਾ ਕਰਨਾ ਇੱਕ ਮੰਦਭਾਗੀ ਘਟਨਾ ਹੈ ਅਤੇ ਇਸ ਘਟਨਾ ਦੀ ਮੁੜ ਤੋਂ ਜਾਂਚ ਹੋਣੀ ਚਾਹੀਦੀ ਅਤੇ ਜਾਂਚ ਉਪਰੰਤ ਹੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਬਿਨਾਂ ਜਾਂਚ ਕੀਤਿਆਂ ਅਧਿਆਪਕਾਂ ਨੂੰ ਮੁਅੱਤਲ ਕਰਨ ਦਾ ਆਦੇਸ਼ ਅਤੇ ਬਿਨਾਂ ਜਾਂਚ ਕੀਤਿਆਂ ਦਰਜ ਪਰਚਾ ਵੀ ਰੱਦ ਹੋਣਾ ਚਾਹੀਦਾ ਹੈ। ਅਲਾਇੰਸ ਨੇ ਆਖਿਆ ਸਰਕਾਰ ਨੂੰ ਇਸ ਮਸਲੇ ਵਿੱਚ ਜਲਦ ਹੀ ਦਖ਼ਲ ਅੰਦਾਜ਼ੀ ਕਰਕੇ ਯੂਨੀਵਰਸਿਟੀ ਦਾ ਖੋਜ ਅਤੇ ਅਕਾਦਮਿਕ ਮਾਹੌਲ ਦੀ ਬਹਾਲੀ ਕਰਵਾਉਣੀ ਚਾਹੀਦੀ ਹੈ, ਕਿਉਂਕਿ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਤੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾਵੇ। ਧਰਮ ਅਧਿਐਨ ਵਿਭਾਗ ਦੇ ਪ੍ਰੋ. ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਬੌਧਿਕਤਾ ਦਾ ਅਥਾਹ ਸਮੁੰਦਰ ਹੈ, ਇੱਥੇ ਖੋਜਾਰਥੀਆਂ ਲਈ ਹਰ ਤਰ੍ਹਾਂ ਦੀ ਕਿਤਾਬ ਹੈ। ਇੱਥੇ ਅਜਿਹੀ ਕਾਰਵਾਈ ਕਰਨੀ ਸਹੀ ਨਹੀਂ ਹੈ।