ਪ੍ਰੋਗਰੈਸਿਵ ਟੀਚਰਜ਼ ਫਰੰਟ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੱਤਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਜੁਲਾਈ
ਪ੍ਰੋਗਰੈਸਿਵ ਟੀਚਰਜ਼ ਫਰੰਟ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਨੂੰ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੁੱਖ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ।
ਫਰੰਟ ਦੇ ਕਨਵੀਨਰ ਡਾ. ਨਿਸ਼ਾਨ ਸਿੰਘ ਦਿਓਲ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਮੰਗਾਂ ’ਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਹੋ ਰਹੀ, ਜਿਸ ਕਰਕੇ ਅਧਿਆਪਕਾਂ ਵਿਚ ਨਿਰਾਸ਼ਾ ਹੈ। ਮੁੱਖ ਮੰਗਾਂ ਵਿੱਚ ਅਧਿਆਪਕਾਂ ਦੀਆਂ ਬਣਦੀਆਂ ਤਰੱਕੀਆਂ ਤੁਰੰਤ ਅਮਲ ਵਿਚ ਲਿਆਂਦੀਆਂ ਜਾਣ, ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਖ਼ਾਲੀ ਪਈਆਂ ਅਸਾਮੀਆਂ ਉੱਤੇ ਰੈਗੂਲਰ ਭਰਤੀਆਂ ਕੀਤੀਆਂ ਜਾਣ, ਵਿਭਾਗ ਮੁਖੀਆਂ ਨੂੰ ਵਿੱਤ ਸੰਬੰਧੀ ਫ਼ੈਸਲੇ ਲੈਣ ਦੇ ਪੁਰਾਣੇ ਅਧਿਕਾਰ ਮੁੜ ਦਿੱਤੇ ਜਾਣ, ਸੱਤਵੇਂ ਪੇਅ ਸਕੇਲ ਦੇ ਬਕਾਇਆ ਰਕਮ ਦੀ ਅਦਾਇਗੀ ਤੁਰੰਤ ਕੀਤੀ ਜਾਵੇ, 9 ਜੁਲਾਈ 2012 ਤੋਂ ਪਹਿਲਾਂ ਨਿਯੁਕਤ ਅਧਿਆਪਕਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਲਾਭ ਇਕਸਾਰਤਾ ਨਾਲ ਦਿੱਤੇ ਜਾਣ, ਯੂਨੀਵਰਸਿਟੀ ਦੇ ਅਧਿਆਪਕਾਂ ਤੋਂ ਵਸੂਲੇ ‘ਮੇਨਟੇਨੈਂਸ ਅਲਾੂਂਸ’ ਸਬੰਧੀ ਵੱਖਰਾ ਖਾਤਾ ਬਣਾ ਕੇ ਇਸ ਨੂੰ ਘਰਾਂ ਦੀ ਮੁਰੰਮਤ ਲਈ ਹੀ ਵਰਤਿਆ ਜਾਵੇ, ਯੂਨੀਵਰਸਿਟੀ ਕੈਲੰਡਰ ਅਨੁਸਾਰ ਗਰਮੀ ਦੀਆਂ ਛੁੱਟੀਆਂ ਨੂੰ ਪੁਰਾਣੀ ਤਰਜ਼ ਅਨੁਸਾਰ ਹੀ ਲਾਗੂ ਕੀਤਾ ਜਾਵੇ।
ਫਰੰਟ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਅਧਿਆਪਕ ਸੰਘਰਸ਼ ਦੀ ਰਾਹ ਉੱਤੇ ਜਾਣ ਲਈ ਮਜਬੂਰ ਹੋਣਗੇ। ਵਾਇਸ ਚਾਂਸਲਰ ਨੇ ਅਧਿਆਪਕਾਂ ਦੇ ਇਸ ਵਫ਼ਦ ਨੂੰ ਸਾਰੀਆਂ ਮੰਗਾਂ ਉੱਤੇ ਕੰਮ ਸਕਾਰਾਤਮਿਕ ਪਹੁੰਚ ਰੱਖ ਕੇ ਇਨ੍ਹਾਂ ਨੂੰ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਡਾ. ਗੁਰਮੁਖ ਸਿੰਘ, ਡਾ. ਅਵਨੀਤਪਾਲ ਸਿੰਘ, ਡਾ. ਸੁਖਜਿੰਦਰ ਬੁੱਟਰ, ਡਾ. ਜਸਦੀਪ ਸਿੰਘ ਤੂਰ, ਡਾ. ਅਮਰਪ੍ਰੀਤ ਸਿੰਘ, ਡਾ ਗੁਰਪ੍ਰੀਤ ਸਿੰਘ ਧਨੋਆ ਅਤੇ ਡਾ. ਗੁਲਸ਼ਨ ਬਾਂਸਲ ਹਾਜ਼ਰ ਸਨ।