ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਧੋਖਾ ਹੈ ਲੈਂਡ ਪੂਲਿੰਗ ਨੀਤੀ: ਸਰੀਨ

ਪਟਿਆਲਾ ਜ਼ਿਲ੍ਹੇ ਵਿੱਚ 1150 ਏਕੜ ਤੋਂ ਵੱਧ ਖੇਤੀਯੋਗ ਜ਼ਮੀਨ ਖ਼ਤਰੇ ਵਿੱਚ: ਪਰਨੀਤ ਕੌਰ
Advertisement

ਪੱਤਰ ਪ੍ਰੇਰਕ

ਪਟਿਆਲਾ, 3 ਜੁਲਾਈ

Advertisement

ਸੀਨੀਅਰ ਭਾਜਪਾ ਆਗੂ ਅਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਅੱਜ ਇੱਕ ਬਿਆਨ ਜਾਰੀ ਕਰਦਿਆਂ ‘ਆਪ’ ਸਰਕਾਰ ਦੀ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਲੈਂਡ ਪੂਲਿੰਗ ਨੀਤੀ ਦੀ ਨਿੰਦਾ ਕੀਤੀ। ਉਨ੍ਹਾਂ ਇਸ ਨੂੰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਜ਼ਮੀਨ ਘੁਟਾਲਾ ਦੱਸਦਿਆਂ ਕਿਹਾ, ‘‘ਇਹ ਨੀਤੀ ਵਿਕਾਸ ਬਾਰੇ ਨਹੀਂ ਹੈ, ਇਹ ਉਜਾੜੇ ਬਾਰੇ ਹੈ। ਪੰਜਾਬ ਭਰ ਵਿੱਚ 40,000 ਏਕੜ ਤੋਂ ਵੱਧ ਉਪਜਾਊ ਜ਼ਮੀਨ ਨੂੰ ਜ਼ਬਰਦਸਤੀ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਤੋਂ ਉਨ੍ਹਾਂ ਦੇ ਭਵਿੱਖ ਨੂੰ ਲੁੱਟਿਆ ਜਾ ਰਿਹਾ ਹੈ।’’ ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਜੈਇੰਦਰ ਕੌਰ, ਹਰਵਿੰਦਰ ਸਿੰਘ ਹਰਪਾਲਪੁਰ ਵੀ ਮੌਜੂਦ ਸਨ।

ਸਰੀਨ ਨੇ ਕਿਹਾ ‘ਇੱਕ ਵਾਰ ਜਦੋਂ ਕਿਸਾਨਾਂ ਨੂੰ ਐੱਲਓਆਈ ਜਾਰੀ ਕਰ ਦਿੱਤਾ ਜਾਂਦਾ ਹੈ, ਤਾਂ ਉਹ ਆਪਣੀ ਜ਼ਮੀਨ ਦੀ ਪੂਰੀ ਮਾਲਕੀ ਗੁਆ ਦੇਣਗੇ। ਉਨ੍ਹਾਂ ਕੋਲ ਮੁਆਵਜ਼ੇ ਬਾਰੇ ਕੋਈ ਕਾਨੂੰਨੀ ਦਾਅਵਾ ਜਾਂ ਸਪਸ਼ਟਤਾ ਨਹੀਂ ਹੋਵੇਗੀ। ਇਹ ਇੱਕ ਯੋਜਨਾਬੱਧ ਜ਼ਮੀਨ ਹੜੱਪਣ ਤੋਂ ਘੱਟ ਨਹੀਂ ਹੈ।’

ਅਨਿਲ ਸਰੀਨ ਨੇ ਕਿਹਾ, ‘ਇਹ ਯੋਜਨਾ ਨਹੀਂ ਹੈ ਇਹ ਲੁੱਟ ਹੈ। ਭਾਜਪਾ ਇਸ ਵਿਸ਼ਵਾਸਘਾਤ ਨੂੰ ਜਾਰੀ ਨਹੀਂ ਰਹਿਣ ਦੇਵੇਗੀ।’ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਕਿਸਾਨਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਇਸ ਵਿਨਾਸ਼ਕਾਰੀ ਲੈਂਡ ਪੁਲਿੰਗ ਨੀਤੀ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਵਾਪਸ ਲੈਣ ਦੀ ਮੰਗ ਕਰਦੀ ਹੈ। ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਨੇ ਵੀ ਪਟਿਆਲਾ ਜ਼ਿਲ੍ਹੇ ਖ਼ਾਸ ਕਰਕੇ ਰਾਜਪੁਰਾ, ਸਨੌਰ, ਘਨੌਰ ਅਤੇ ਪਟਿਆਲਾ ਦਿਹਾਤੀ ਹਲਕਿਆਂ ਵਿੱਚ ਇਸ ਨੀਤੀ ਦੇ ਪ੍ਰਭਾਵ ਬਾਰੇ ਗੰਭੀਰ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਇਕੱਲੇ ਪਟਿਆਲਾ ਵਿੱਚ ਇਸ ਅਖੌਤੀ ਪੂਲਿੰਗ ਮਾਡਲ ਤਹਿਤ ਕਿਸਾਨਾਂ ਤੋਂ 1150 ਏਕੜ ਤੋਂ ਵੱਧ ਖੇਤੀਬਾੜੀ ਜ਼ਮੀਨ ਖੋਹੀ ਜਾ ਰਹੀ ਹੈ। ਸੈਂਕੜੇ ਪਿੰਡ ਆਪਣੀ ਰੋਜ਼ੀ-ਰੋਟੀ ਦਾ ਇੱਕੋ-ਇੱਕ ਸਾਧਨ ਗੁਆਉਣ ਦੇ ਕੰਢੇ ਖੜ੍ਹੇ ਹਨ। ਇਸ ਨਾਲ ਫ਼ਸਲਾਂ ਦੇ ਉਤਪਾਦਨ ਵਿੱਚ ਭਾਰੀ ਗਿਰਾਵਟ ਆਵੇਗੀ ਅਤੇ ਲੰਬੇ ਸਮੇਂ ਲਈ ਆਰਥਿਕ ਨੁਕਸਾਨ ਹੋਵੇਗਾ।

ਪੰਜਾਬ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਜੈਇੰਦਰ ਕੌਰ ਨੇ ‘ਆਪ’ ਸਰਕਾਰ ਦੀ ਦਿੱਲੀ ਸਥਿਤ ਭੂ-ਮਾਫ਼ੀਆ ਦੇ ਇਸ਼ਾਰੇ ’ਤੇ ਕੰਮ ਕਰਨ ਲਈ ਸਖ਼ਤ ਨਿੰਦਾ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਨੀਤੀ ਪੰਜਾਬ ਦੇ ਸ਼ਹਿਰੀਕਰਨ ਨੂੰ 60 ਫ਼ੀਸਦੀ ਤੱਕ ਧੱਕ ਦੇਵੇਗੀ, ਜੋ ਕਿ ਰਾਸ਼ਟਰੀ ਔਸਤ 31 ਫ਼ੀਸਦੀ ਤੋਂ ਕਿਤੇ ਵੱਧ ਹੈ, ਅਤੇ 1.5 ਲੱਖ ਟਨ ਤੋਂ ਵੱਧ ਝੋਨੇ ਦੇ ਉਤਪਾਦਨ ਦਾ ਨੁਕਸਾਨ ਕਰੇਗੀ।

Advertisement